ਆਸਟ੍ਰੇਲੀਆ ''ਚ ''ਇਛੁੱਕ ਮੌਤ'' ਦੀ ਆਗਿਆ ਦੇਣ ਵਾਲਾ ਵਿਕਟੋਰੀਆ ਬਣਿਆ ਪਹਿਲਾ ਰਾਜ

11/30/2017 9:48:00 AM

ਵਿਕਟੋਰੀਆ(ਬਿਊਰੋ)— ਆਸਟ੍ਰੇਲਿਆਈ ਰਾਜ ਵਿਕਟੋਰੀਆ ਦੀ ਸੰਸਦ ਨੇ 'ਇਛੁੱਕ ਮੌਤ' ਦਾ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿਚ ਇਛੁੱਕ ਮੌਤ ਦੀ ਆਗਿਆ ਦੇਣ ਵਾਲਾ ਵਿਕਟੋਰੀਆ ਪਹਿਲਾ ਰਾਜ ਬਣ ਗਿਆ ਹੈ। ਇਹ ਕਾਨੂੰਨ 2019 ਵਿਚ ਪ੍ਰਭਾਵੀ ਹੋਵੇਗਾ। ਇਕ ਸਮਾਚਾਰ ਏਜੰਸੀ ਮੁਤਾਬਕ 100 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਬਹਿਸ ਤੋਂ ਬਾਅਦ ਇਹ ਬਿੱਲ ਪਾਸ ਹੋਇਆ।
ਸ਼ਾਹੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਸਾਲ 2019 ਦੇ ਮੱਧ ਵਿਚ ਸ਼ੁਰੂ ਹੋ ਰਹੇ ਨਵੇਂ ਕਾਨੂੰਨ ਦੇ ਤਹਿਤ ਗੰਭੀਰ ਬੀਮਾਰੀ ਵਾਲੇ ਮਰੀਜ ਆਪਣੇ ਜੀਵਨ ਨੂੰ ਖਤਮ ਕਰਨ ਲਈ ਖਤਰਨਾਕ ਦਵਾਈ ਦੀ ਅਪੀਲ ਕਰ ਸਕਣਗੇ। ਸਾਲ 2016 ਵਿਚ ਪਿਤਾ ਦੀ ਮੌਤ ਤੋਂ ਬਾਅਦ 'ਇਛੁੱਕ ਮੌਤ' ਕਾਨੂੰਨ ਦਾ ਸਮਰਥਨ ਕਰਨ ਵਾਲੇ ਰਾਜਨੇਤਾ ਡੇਨੀਅਲ ਐਂਡਰਜ ਨੇ ਇਸ ਕਾਨੂੰਨ ਉੱਤੇ ਕੰਮ ਕਰਨ ਵਾਲੇ ਆਪਣੇ ਸਹਿਕਰਮਚਾਰੀਆਂ, ਵਿਸ਼ੇਸ਼ ਰੂਪ ਤੋਂ ਸਿਹਤ ਮੰਤਰੀ ਜਿਲ ਹੇਨੇਸੀ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਮੈਲਬੌਰਨ ਵਿਚ ਪੱਤਰਕਾਰਾਂ ਨੂੰ ਦੱਸਿਆ, ਆਸਟ੍ਰੇਲੀਆ ਵਿਚ ਗੰਭੀਰ ਬੀਮਾਰੀ ਨਾਲ ਜੂਝ ਰਹੇ ਲੋਕਾਂ ਲਈ ਜੋ ਜੀਵਨ ਦੇ ਅੰਤਿਮ ਸਮੇਂ ਵਿਚ ਦਇਆ ਅਤੇ ਸਨਮਾਨ ਪਾਉਣ ਦੇ ਹੱਕਦਾਰ ਹਨ। ਉਨ੍ਹਾਂ ਲਈ ਸਵੈ ਇਛੁੱਕ ਮੌਤ ਨਾਲ ਸਬੰਧਤ ਕਾਨੂੰਨ ਨੂੰ ਪਾਸ ਕਰਨ ਵਾਲਾ ਵਿਕਟੋਰੀਆ ਪਹਿਲਾ ਰਾਜ ਹੈ। ਇਸ ਯੋਜਨਾ ਦਾ ਉਪਯੋਗ ਕਰਨ ਲਈ ਸਮਰੱਥ ਮਰੀਜਾਂ ਲਈ ਇਕ ਸਮੇਂ ਸੀਮਾ ਹੋਵੇਗੀ। ਮਰੀਜਾਂ ਨੂੰ ਘੱਟ ਤੋਂ ਘੱਟ 12 ਮਹੀਨੇ ਵਿਕਟੋਰੀਆ ਵਿਚ ਰਹਿਣਾ ਹੋਵੇਗਾ। ਮਾਨਸਿਕ ਰੋਗੀਆਂ ਨੂੰ ਜੀਵਨ ਖ਼ਤਮ ਕਰਨ ਦੀ ਆਗਿਆ ਦਿੱਤੇ ਜਾਣ ਤੋਂ ਪਹਿਲਾਂ ਮਨੋਚਿਕਿਤਸਕ ਤੋਂ ਜਾਂਚ ਕਰਵਾਉਣੀ ਹੋਵੇਗੀ। ਹੇਨੇਸੀ ਨੇ ਇਕ ਮੀਡੀਆ ਰਿਲੀਜ਼ ਵਿਚ ਕਿਹਾ, ਢਾਈ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਬਿੱਲ ਆਖ਼ੀਰਕਾਰ ਵਿਕਟੋਰਿਆਈ ਲੋਕਾਂ ਨੂੰ ਜੀਵਨ ਦੇ ਅੰਤ ਵਿਚ ਜ਼ਿਆਦਾ ਸਹਾਰਾ, ਦਇਆ ਅਤੇ ਨਿਯੰਤਰਨ ਦੇਵੇਗਾ। ਖੁਦਕੁਸ਼ੀ ਸਬੰਧੀ ਬੇਨਤੀਆਂ ਦੀ ਸਮੀਖਿਆ ਲਈ ਇਕ ਵਿਸ਼ੇਸ਼ ਬੋਰਡ ਦਾ ਵੀ ਗਠਨ ਕੀਤਾ ਜਾਵੇਗਾ।