ਆਸਟ੍ਰੇਲੀਆ : ਦੋ ਗੱਡੀਆਂ ਦੀ ਹੋਈ ਟੱਕਰ, 1 ਦੀ ਮੌਤ

04/24/2018 10:17:48 AM

ਸਿਡਨੀ (ਬਿਊਰੋ)— ਦੱਖਣੀ ਆਸਟ੍ਰੇਲੀਆ ਦੇ ਉੱਤਰ ਵਿਚ ਗਲੇਨਡੰਬੋ ਦੇ ਪੂਰਬ ਵਿਚ ਬੀਤੀ ਸ਼ਾਮ ਦੋ ਗੱਡੀਆਂ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਟੱਕਰ ਪਿੰਬਾ ਦੇ ਲੱਗਭਗ 45 ਕਿਲੋਮੀਟਰ ਦੂਰ ਉੱਤਰ ਵਿਚ ਸਟੁਅਰਟ ਹਾਈਵੇ, ਵਿਰਰਮਿਨਾ 'ਤੇ ਹੋਈ।

ਪੁਲਸ ਅਤੇ ਪੈਰਾਮੈਡੀਕਸ ਅਧਿਕਾਰੀਆਂ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਵੈਨ ਦੇ ਇਕ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਗੰਭੀਰ ਜ਼ਖਮੀ ਹੋਏ ਯਾਤਰੀ ਨੂੰ ਰੋਇਲ ਐਡੀਲੇਡ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਇਸ ਹਾਦਸੇ ਵਿਚ ਹੋਰ ਤਿੰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਉਨ੍ਹਾਂ ਨੂੰ ਪੋਰਟ ਐਰਗਸਟਾ ਦੇ ਨੇੜਲੇ ਹਸਪਤਾਲ ਲਿਜਾਇਆ ਗਿਆ। ਹਾਦਸੇ ਕਾਰਨ ਹਾਈਵੇ 'ਤੇ ਕਾਫੀ ਦੇਰ ਆਵਾਜਾਈ ਠੱਪ ਰਹੀ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।