ਮੌਸਮ ਨੇ ਤੋੜਿਆ ਰਿਕਾਰਡ : ਆਸਟ੍ਰੇਲੀਆ ''ਚ ਭਿਆਨਕ ਗਰਮੀ ਤੇ ਅਮਰੀਕਾ ''ਚ ਰਿਕਾਰਡ ਠੰਡ

02/05/2021 6:12:40 PM

ਇੰਟਰਨੈਸ਼ਨਲ ਡੈਸਕ (ਬਿਊਰੋ): ਪੂਰੀ ਦੁਨੀਆ ਜਿੱਥੇ ਇਸ ਵੇਲੇ ਕੋਰੋਨਾ ਨਾਲ ਲੜ ਰਹੀ ਹੈ, ਉਥੇ ਹੀ ਇਸ ਵੇਲੇ ਅਮਰੀਕਾ ਤੇ ਆਸਟ੍ਰੇਲੀਆ ਮੌਸਮ ਦੀ ਮਾਰ ਝੱਲ ਰਹੇ ਹਨ। ਮੌਸਮ ਦੀ ਮਾਰ ਕਾਰਨ ਇਸ ਵੇਲੇ ਢਾਈ ਕਰੋੜ ਤੋਂ ਵੱਧ ਆਬਾਦੀ ਵਾਲਾ ਦੇਸ਼ ਆਸਟ੍ਰੇਲੀਆ ਵੱਧਦੇ ਤਾਪਮਾਨ ਅਤੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਮੁਸੀਬਤ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਆਸਟ੍ਰੇਲੀਆ ਦੇ ਪਰਥ ਵਿਚ ਤਾਲਾਬੰਦੀ ਦੌਰਾਨ ਲੱਗੀ ਅੱਗ ਨਾਲ ਹੁਣ ਤਕ 25 ਹਜ਼ਾਰ ਏਕੜ ਤੋਂ ਵੱਧ ਜੰਗਲ ਰਾਖ ਹੋ ਚੁੱਕਾ ਹੈ। ਅਸਟ੍ਰੇਲੀਆ ਤੋਂ ਪ੍ਰਾਪਤ ਰਿਪੋਰਟਾਂ ਦੇ ਮੁਤਾਬਕ ਇਸ ਅੱਗ ਕਾਰਨ 80 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਅੱਗ ਦੀ ਗੱਲ ਕਰਦਿਆਂ ਇਹ ਵੀ ਦੱਸ ਦਇਏ ਕਿ ਆਸਟ੍ਰੇਲੀਆ ਵਿਚ ਇਸ ਵੇਲੇ ਗਰਮੀ ਵੀ ਆਪਣਾ ਪ੍ਰਚੰਡ ਰੂਪ ਦਿਖਾ ਰਹੀ ਹੈ। ਉਂਝ ਤਾਂ ਇਨ੍ਹਾਂ ਦਿਨਾਂ ਵਿਚ ਆਸਟ੍ਰੇਲੀਆ ਅੰਦਰ ਤਾਪਮਾਨ 17 ਤੋਂ 25 ਡਿਗਰੀ ਦਰਮਿਆਨ ਰਹਿੰਦਾ ਹੈ ਪਰ ਇਸ ਵੇਲੇ ਆਸਟ੍ਰੇਲੀਆ ਵਿਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ। ਵੱਧਦੇ ਪਾਰੇ ਨੇ ਇਸ ਵਾਰ ਪਿਛਲੇ 61 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਆਸਟ੍ਰੇਲੀਆ  ਵਾਸੀ ਭਾਰੀ ਗਰਮੀ ਕਾਰਨ ਹਾਲੋ-ਬੇਹਾਲ ਹੋ ਰਹੇ ਹਨ।

ਇਹ ਤਾਂ ਹੋ ਗਈ ਆਸਟ੍ਰੇਲੀਆ ਦੀ ਗੱਲ, ਹੁਣ ਇਸ ਦੇ ਨਾਲ ਹੀ ਤਹਾਨੂੰ ਦੱਸ ਦਈਏ ਕਿ ਤਾਪਮਾਨ ਦੇ ਕਾਰਨ ਸਿਰਫ ਆਸਟ੍ਰੇਲੀਆ  ਵਿਚ ਹੀ ਨਹੀਂ ਸਗੋਂ ਅਮਰੀਕਾ ਵਿਚ ਵੀ ਰਿਕਾਡਰ ਟੁੱਟਾ ਹੈ। ਜਿੱਥੇ ਆਸਟ੍ਰੇਲੀਆ ਵਿਚ ਗਰਮੀ ਨੇ ਰਿਕਾਰਡ ਤੋੜਿਆ ਹੈ ਉੱਥੇ ਅਮਰੀਕਾ ਵਿਚ ਠੰਡ ਨੇ ਰਿਕਾਰਡ ਤੋੜ ਦਿੱਤਾ ਹੈ। 

ਅਮਰੀਕਾ ਵਿੱਚ ਇਸ ਹਫਤੇ ਆਏ ਬਰਫੀਲੇ ਤੂਫਾਨ ਓਰਲੇਨਾ ਦੇ ਕਾਰਨ ਨਿਊਜ਼ਰਸੀ 'ਚ ਕਰੀਬ 40 ਇੰਚ ਤਕ ਭਾਵ ਲਗਭਗ 3 ਫੁੱਟ ਬਰਫ਼ਬਾਰੀ ਹੋਈ ਹੈ। ਜਿਸ ਕਾਰਨ 122 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਇਸ ਤੂਫਾਨ ਦੇ ਕਾਰਨ ਨਿਊਯਾਰਕ, ਵਾਸ਼ਿੰਗਟਨ ਅਤੇ ਬੋਸਟਨ ਆਦਿ ਸਣੇ 20 ਤੋਂ ਵੱਧ ਸੂਬਿਆਂ 'ਚ ਬਰਫ਼ਬਾਰੀ ਹੋਈ ਹੈ।ਅਨੇਕਾਂ ਸੜਕਾਂ ਜਾਮ ਹਨ। ਹਜ਼ਾਰਾਂ ਉਡਾਣਾਂ ਰੱਦ ਹੋ ਚੁੱਕੀਆਂ ਹਨ। ਕੁਝ ਸੂਬਿਆਂ ਅੰਦਰ ਤਾਂ ਸਕੂਲ ਵੀ ਬੰਦ ਹਨ। ਹਾਲਾਂਕਿ ਮੌਸਮ ਮਾਹਰਾਂ ਮੁਤਾਬਕ ਹੁਣ ਇਹ ਤੂਫਾਨ ਇੰਗਲੈਂਡ ਵੱਲ ਵਧ ਚੁੱਕਾ ਹੈ।

Vandana

This news is Content Editor Vandana