ਆਸਟ੍ਰੇਲੀਆਈ ਯੂਨੀਵਰਸਿਟੀ ਨੇ ਸ਼ਾਹਰੂਖ ਖਾਨ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ

08/09/2019 4:53:45 PM

ਮੈਲਬੌਰਨ (ਭਾਸ਼ਾ)— ਸੁਪਰ ਸਟਾਰ ਸ਼ਾਹਰੂਖ ਖਾਨ ਨੂੰ ਆਸਟ੍ਰੇਲੀਆ ਦੀ ਵੱਕਾਰੀ ਲਾ ਟ੍ਰੋਬ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਹੈ। ਅਦਾਕਾਰ ਸ਼ਾਹਰੂਖ ਖਾਨ ਨੂੰ ਇਹ ਉਪਾਧੀ ਸ਼ੁੱਕਰਵਾਰ ਨੂੰ ਇੱਥੇ ਪ੍ਰਦਾਨ ਕੀਤੀ ਗਈ। ਇਸ ਡਿਗਰੀ ਨੂੰ ਪ੍ਰਦਾਨ ਕਰਨ ਦਾ ਉਦੇਸ਼ ਸ਼ਾਹਰੂਖ ਵੱਲੋਂ ਪਛੜੇ ਬੱਚਿਆਂ ਦੀ ਮਦਦ ਕਰਨ ਅਤੇ ਐੱਮ.ਈ.ਈ.ਆਰ. ਫਾਊਂਡੇਸ਼ਨ ਜ਼ਰੀਏ ਮਹਿਲਾ ਸਸ਼ਕਤੀਕਰਣ ਲਈ ਕੀਤੇ ਗਏ ਉਨ੍ਹਾਂ ਦੇ ਕੰਮਾਂ ਨੂੰ ਪਛਾਣ ਦੇਣਾ ਸੀ। ਇਸ ਦੇ ਇਲਾਵਾ ਸ਼ਾਹਰੂਖ ਨੂੰ ਇਹ ਡਿਗਰੀ ਮਨੋਰੰਜਨ ਉਦਯੋਗ ਵਿਚ ਦਿੱਤੇ ਗਏ ਉਨ੍ਹਾਂ ਦੇ ਯੋਗਦਾਨ ਲਈ ਦਿੱਤੀ ਗਈ। 

ਸ਼ਾਹਰੂਖ (53) ਨੇ ਇੱਥੇ ਇਕ ਸਮਾਰੋਹ ਦੌਰਾਨ ਦਰਸ਼ਕਾਂ ਨੂੰ ਕਿਹਾ,''ਇਹ ਪੁਰਸਕਾਰ ਉਸ ਲਈ ਨਹੀਂ ਹੈ ਜੋ ਐੱਮ.ਈ.ਈ.ਆਰ. ਫਾਊਂਡੇਸ਼ਨ ਨੇ ਕੀਤਾ ਹੈ ਸਗੋਂ ਇਹ ਪੁਰਸਕਾਰ ਉਨ੍ਹਾਂ ਔਰਤਾਂ ਦੀ ਬਹਾਦੁਰੀ ਨੂੰ ਦਿੱਤਾ ਗਿਆ ਹੈ ਜੋ ਅਨਿਆਂ, ਗੈਰ ਬਰਾਬਰੀ ਅਤੇ ਅੱਤਿਆਚਾਰ ਵਿਰੁੱਧ ਖੜ੍ਹੀਆਂ ਹੁੰਦੀਆਂ ਹਨ।'' ਸ਼ਾਹਰੂਖ ਇੱਥੇ ਭਾਰਤੀ ਫਿਲਮ ਮਹਾਉਤਸਵ-ਮੈਲਬੌਰਨ ਦੇ 10ਵੇਂ ਐਡੀਸ਼ਨ ਦੇ ਮੌਕੇ 'ਤੇ ਸ਼ਹਿਰ ਵਿਚ ਆਏ ਹੋਏ ਹਨ। ਉੱਥੇ ਇਸ ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਸੰਸਥਾ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ। ਇਸ ਮੌਕੇ 'ਤੇ ਸ਼ਾਹਰੂਖ ਨੂੰ ਕੋਕਾਬੁਰਾ ਕ੍ਰਿਕਟ ਬੈਟ ਵੀ ਦਿੱਤਾ ਗਿਆ। ਇਸ ਮੌਕੇ ਯੂਨੀਵਰਸਿਟੀ ਨੇ 'ਸ਼ਾਹਰੂਖ ਖਾਨ ਲਾ ਟ੍ਰੋਬ ਯੂਨੀਵਰਸਿਟੀ ਰਿਸਰਚ ਸਕਾਲਰਸ਼ਿਪ' ਦਾ ਵੀ ਐਲਾਨ ਕੀਤਾ।

Vandana

This news is Content Editor Vandana