ਆਸਟ੍ਰੇਲੀਆ ਸੈਲਾਨੀਆਂ ਤੇ ਵਿਦਿਆਰਥੀਆਂ ਲਈ ਸੁਰੱਖਿਅਤ ਦੇਸ਼ : ਸਕੌਟ ਮੌਰੀਸਨ

06/13/2020 6:15:07 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਚੀਨ ਆਸਟ੍ਰੇਲੀਆ ਵਿਰੁੱਧ ਵਪਾਰ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਚੀਨ ਦੀਆਂ ਇਹਨਾਂ ਕੂਟਨੀਤਕ ਸਾਜਿਸ਼ਾਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਗੌਰਤਲਬ ਹੈ ਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਨਾਲ-ਨਾਲ ਆਸਟ੍ਰੇਲੀਆ ਵੀ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਸੀ ਜਿਸ ਨੇ ਕੋਰੋਨਾਵਾਇਰਸ ਦੇ ਪੂਰੀ ਦੁਨੀਆ ਵਿਚ ਫੈਲਣ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਸੀ। 

ਜਿਸਦੇ ਚੱਲਦਿਆਂ ਪਿਛਲੇ ਦੋ ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਖਿੱਚੋ-ਤਾਣ ਚਰਮ ਸੀਮਾ ‘ਤੇ ਹੈ ਅਤੇ ਚੀਨ ਨਾਰਾਜ਼ਗੀ ਬਾਬਤ ਆਸਟ੍ਰੇਲੀਆ ਨੂੰ ਲਗਾਤਾਰ ਆਰਥਿਕ ਪਾਬੰਦੀਆਂ ਦੀਆਂ ਧਮਕੀਆਂ ਦੇ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਧਰ ਚੀਨੀ ਸਿੱਖਿਆ ਅਤੇ ਵਿਦੇਸ਼ ਮੰਤਰਾਲੇ ਨੇ ਨਸਲਵਾਦ ਦਾ ਦੋਸ਼ ਮੜ੍ਹਦੇ ਹੋਏ ਆਪਣੇ ਪਾੜ੍ਹਿਆਂ ਅਤੇ ਯਾਤਰੀਆਂ ਨੂੰ ਆਸਟ੍ਰੇਲੀਆ ਜਾਣ ਤੋਂ ਵਰਜਿਆ ਹੈ। ਦੱਸਣਯੋਗ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦਾ ਆਸਟ੍ਰੇਲੀਆਈ ਅਰਥਚਾਰੇ 'ਚ ਬੀਤੇ ਵਿੱਤੀ ਵਰ੍ਹੇ 37.6 ਬਿਲੀਅਨ ਡਾਲਰ ਤੱਕ ਦਾ ਯੋਗਦਾਨ ਰਿਹਾ ਹੈ। 

ਚੀਨ ਦੀ ਇਸ ਧਮਕੀ ਨਾਲ ਆਸਟ੍ਰੇਲੀਆ ਨੂੰ ਸਿੱਖਿਆ ਦੇ ਖੇਤਰ ਵਿਚ ਵੱਡੇ ਭਵਿੱਖੀ ਘਾਟੇ ਦਾ ਖਦਸ਼ਾ ਹੈ। ਚੀਨ ਦੇ ਇਸ ਵਰਤਾਰੇ ‘ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨੀ ਨਾਗਰਿਕਾਂ ਦਾ ਆਸਟ੍ਰੇਲੀਆ ਨੂੰ ਚੁਨਣਾ ਜਾਂ ਨਾ ਚੁਨਣਾ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਨਿੱਜੀ ਫੈਸਲਾ ਹੋਵੇਗਾ। ਉਹਨਾਂ ਦਾ ਦੇਸ਼ ਸੈਲਾਨੀਆਂ ਅਤੇ ਵਿਦਿਆਰਥੀਆਂ ਦੇ ਲਈ ਅੱਜ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੱਸਣਯੋਗ ਹੈ ਕਿ ਚੀਨ ਨੇ ਹਾਲ ਹੀ ਵਿਚ ਆਸਟ੍ਰੇਲੀਆ ਤੋਂ ਬੀਫ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉੱਥੋਂ ਆਉਣ ਵਾਲੇ ਜੌਂ 'ਤੇ ਵੀ ਭਾਰੀ ਟੈਰਿਫ ਲੱਗਾ ਦਿੱਤਾ ਸੀ। ਚੀਨੀ ਚਿਤਾਵਨੀਆਂ ਨੂੰ ਲੈ ਕੇ ਆਸਟ੍ਰੇਲੀਆ ਨੇ ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਕੈਨਬਰਾ ਸਥਿਤ ਚੀਨੀ ਦੂਤਾਵਾਸ ਨੂੰ ਵਿਰੋਧ ਦਰਜ ਕਰਵਾਇਆ ਹੈ। ਦੱਸਦੇ ਚਲੀਏ ਕਿ ਚੀਨ-ਆਸਟ੍ਰੇਲੀਆ ਦਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਦੇਸ਼ ਹੈ। ਦੋਵਾਂ ਦੇਸ਼ਾਂ ਵਿਚਾਲੇ ਸਲਾਨਾ 235 ਬਿਲੀਅਨ ਆਸਟ੍ਰੇਲੀਆਈ ਡਾਲਰ ਦਾ ਵਪਾਰ ਹੁੰਦਾ ਹੈ।
 

Vandana

This news is Content Editor Vandana