ਆਸਟ੍ਰੇਲੀਆ ''ਚ ਸਥਾਈ ਤੇ ਅਸਥਾਈ ਵੀਜ਼ਾ ਧਾਰਕ ਲਗਵਾ ਸਕਣਗੇ ਮੁਫ਼ਤ ਕੋਵਿਡ-19 ਵੈਕਸੀਨ

06/12/2021 4:31:36 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸਿਹਤ ਵਿਭਾਗ ਵੱਲੋਂ ਕੋਵਿਡ-19 ਤੋਂ ਬਚਾਅ ਦੀ ਵੈਕਸੀਨ ਦੇ ਟੀਕੇ ਆਸਟ੍ਰੇਲੀਆ ਵਿਚ ਰਹਿੰਦੇ ਵੱਖ-ਵੱਖ ਵੀਜ਼ਾ ਧਾਰਕਾਂ ਲਈ ਮੁਫ਼ਤ ਉਪਲੱਬਧ ਕਰਵਾਏ ਗਏ ਹਨ। ਜਿਸ ਵਿਚ ਵਿਜ਼ਟਰ ਵੀਜ਼ੇ 'ਤੇ ਆਏ ਹੋਏ ਮਾਪੇ, ਅੰਤਰਰਾਸ਼ਟਰੀ ਵਿਦਿਆਰਥੀ ਤੇ ਸਾਰੇ ਸਥਾਈ ਅਤੇ ਅਸਥਾਈ ਵੀਜ਼ਾ ਧਾਰਕ, ਸ਼ਰਨਾਰਥੀ, ਪਨਾਹ ਮੰਗਣ ਵਾਲੇ, ਆਰਜ਼ੀ ਵੀਜ਼ਾ ਧਾਰਕ, ਬ੍ਰਿਜਿੰਗ ਵੀਜ਼ਾ ਧਾਰਕ, ਨਜ਼ਰਬੰਦੀ ਸਹੂਲਤਾਂ ਵਿਚ ਰਹਿਣ ਵਾਲੇ ਲੋਕ ਆਪਣੀ ਵਾਰੀ ਆਉਣ 'ਤੇ ਮੁਫ਼ਤ ਟੀਕਾ ਲਗਵਾਉਣ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ: ਚੀਨ ਨੇ ਬਣਾਇਆ ‘ਖ਼ਤਰਨਾਕ’ ਕਾਨੂੰਨ, ਹੁਣ ਫ਼ੌਜ ਕੋਲੋਂ ਸਵਾਲ ਪੁੱਛਣ ’ਤੇ ਹੋਵੇਗੀ ਜੇਲ੍ਹ

ਸੰਘੀ ਸਰਕਾਰ ਦੇ ਸੇਵਾਵਾਂ ਆਸਟ੍ਰੇਲੀਆ ਵਿਭਾਗ ਵਲੋਂ ਇਕ ਅਹਿਮ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਜਿਹੜੇ ਨਾਗਰਿਕ ਕੋਵਿਡ-19 ਟੀਕੇ ਦੀ ਪੂਰੀ ਖ਼ੁਰਾਕ ਲਗਵਾਉਣਗੇ, ਉਨ੍ਹਾਂ ਲੋਕਾਂ ਲਈ ਸਬੂਤ ਦੇ ਤੌਰ 'ਤੇ ਨਵੀਨਤਮ ਤਕਨੀਕ ਨਾਲ ਤਿਆਰ ਡਿਜੀਟਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਸਰਟੀਫਿਕੇਟ ਵਿਚ ਪ੍ਰਮਾਣਿਤ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੀ ਜਾਣਕਾਰੀ ਦਰਜ ਹੋਵੇਗੀ। ਤੁਸੀਂ ਮਾਈਗੋਵ ਜਾਂ ਐਕਸਪ੍ਰੈੱਸ ਪਲੱਸ ਮੈਡੀਕੇਅਰ ਐਪ ਤੋਂ ਆਪਣੇ ਕੋਵਿਡ-19 ਡਿਜੀਟਲ ਸਰਟੀਫਿਕੇਟ ਨੂੰ ਆਨਲਾਈਨ ਪ੍ਰਾਪਤ ਕਰ ਸਕੋਗੇ। ਇਹ ਡਿਜੀਟਲ ਸਰਟੀਫਿਕੇਟ ਡਰਾਈਵਰ ਲਾਇਸੈਂਸ ਦੀ ਤਰ੍ਹਾਂ ਦਿਖਾਈ ਦੇਵੇਗਾ, ਜਿਸ ਨੂੰ ਫੋਨ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ ਤਾਂ ਜੋ ਲੋੜ ਪੈਣ 'ਤੇ ਸਬੂਤ ਦੇ ਤੌਰ 'ਤੇ ਦਿਖਾਇਆ ਜਾ ਸਕੇ। ਸਰਟੀਫਿਕੇਟ ਵਿਚ ਵਿਅਕਤੀ ਦਾ ਨਾਮ, ਜਨਮ ਮਿਤੀ ਅਤੇ ਟੀਕਾਕਰਨ ਦੇ ਪੂਰੇ ਹੋਣ ਦੀ ਮਿਤੀ ਆਦਿ ਤੱਥ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ’ਤੇ ਭਾਰਤੀ ਮੂਲ ਦੇ ਕੋਵਿਡ-19 ਪੇਸ਼ੇਵਰਾਂ ਨੂੰ ਕੀਤਾ ਜਾਵੇਗਾ ਸਨਮਾਨਤ

ਉਧਰ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ "ਟੀਕੇ ਦੇ ਪਾਸਪੋਰਟ" ਦੇ ਵਿਚਾਰ ਦੀ ਹਮਾਇਤ ਕੀਤੀ ਹੈ ਤਾਂ ਜੋ ਕੋਵਿਡ-19 ਵੈਕਸੀਨ (ਟੀਕੇ) ਲਗਵਾਉਣ ਉਪਰੰਤ ਲੋਕ ਤਾਲਾਬੰਦੀ ਦੀਆਂ ਪਾਬੰਦੀਆਂ ਦੌਰਾਨ ਕੁਝ ਛੋਟ ਨਾਲ ਵੱਖ-ਵੱਖ ਰਾਜਾਂ ਦਰਮਿਆਨ ਬਿਨਾਂ ਰੋਕ-ਟੋਕ ਘੁੰਮ-ਫਿਰ ਸਕਣ ਅਤੇ ਵਿਦੇਸ਼ਾਂ ਤੋਂ ਵਾਪਸ ਆਉਣ 'ਤੇ ਅਲੱਗ ਤੋਂ ਹੋਟਲ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਹਾਲਾਂਕਿ, ਨਿਊ ਸਾਊਥ ਵੇਲਜ ਸੂਬੇ ਦੀ ਪ੍ਰੀਮੀਅਰ ਗਲਾਡਿਸ ਬੇਰੇਜਿਕਲੀਅਨ ਅਤੇ ਕੁਈਨਜ਼ਲੈਂਡ ਸੂਬੇ ਦੀ ਪ੍ਰੀਮੀਅਰ ਐਨਸ਼ਟਾਸ਼ੀਆ ਪਲਾਸਕਜ਼ੁਕ ਨੇ ਕੁੱਝ ਮੁੱਦਿਆਂ 'ਤੇ ਇਸ ਦਾ ਵਿਰੋਧ ਕੀਤਾ ਹੈ। ਕੁਝ ਏਅਰਲਾਈਨਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਪੂਰੀ ਤਰ੍ਹਾਂ ਟੀਕੇ ਲਗਵਾ ਚੁੱਕੇ ਲੋਕ ਯਾਤਰਾ ਲਈ ਟ੍ਰੈਵਲ ਬੋਨਸ ਪ੍ਰਾਪਤ ਕਰ ਸਕਦੇ ਹਨ। ਯੂਰਪੀਅਨ ਯੂਨੀਅਨ, ਬ੍ਰਿਟੇਨ ਅਤੇ ਕੈਨੇਡਾ ਆਦਿ ਦੇਸ਼ਾਂ ਦੀਆਂ ਸਰਕਾਰਾਂ ਨੇ ਡਿਜੀਟਲ ਟੀਕਾ ਪਾਸਪੋਰਟ ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ਆਧੀਨ ਹਨ। ਅੰਤਰਰਾਸ਼ਟਰੀ ਹਵਾਈ ਯਾਤਰਾ ਵੀ ਜ਼ਿਆਦਾ ਤੋਂ ਜ਼ਿਆਦਾ ਦੇਸ਼ਾਂ ਦੇ ਟੀਕਾਕਰਨ 'ਤੇ ਨਿਰਭਰ ਕਰ ਸਕਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ

cherry

This news is Content Editor cherry