ਆਸਟ੍ਰੇਲੀਆ : ਮਾਲਕ ਨੇ ਕੁਤਰ ਦਿੱਤੇ ਤੋਤੇ ਦੇ ਖੰਭ, ਇੰਝ ਮਿਲੀ ਨਵੀਂ ਜ਼ਿੰਦਗੀ

02/26/2020 1:55:54 PM

ਸਿਡਨੀ (ਬਿਊਰੋ): ਇਨਸਾਨਾਂ ਵਾਂਗ ਪੰਛੀ ਤੇ ਜਾਨਵਰ ਵੀ ਆਜ਼ਾਦੀ ਪਸੰਦ ਕਰਦੇ ਹਨ। ਪੰਛੀਆਂ ਨੂੰ ਉੱਚੇ ਆਸਮਾਨ ਵਿਚ ਉਡਾਰੀ ਮਾਰਨਾ ਚੰਗਾ ਲੱਗਦਾ ਹੈ। ਇਸ ਸਬੰਧੀ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਲਕ ਨੇ ਆਪਣੇ 12 ਹਫਤੇ ਦੇ ਤੋਤੇ ਨੂੰ ਉਡਣ ਤੋਂ ਰੋਕਣ ਸਈ ਉਸ ਦੇ ਖੰਭ ਕੁਤਰ ਦਿੱਤੇ। ਬਾਅਦ ਵਿਚ 31 ਸਾਲਾ ਦੀ ਇਕ ਵੈਟਨਰੀ ਡਾਕਟਰ ਕੈਥਰੀਨ ਅਪੁਲੀ ਨੇ ਇਸ ਛੋਟੇ ਤੋਤੇ ਦੇ ਖੰਭਾਂ ਨੂੰ ਟਰਾਂਸਪਲਾਂਟ ਕਰ ਕੇ ਉਸ ਨੂੰ ਮੁੜ ਉਡਣ ਦੇ ਕਾਬਲ ਬਣਾਇਆ।

12 ਹਫਤੇ ਦੇ ਹਰੇ ਰੰਗ ਅਤੇ ਸਪਾਟਿਡ ਤੋਤੇ ਨੂੰ ਉਡਣ ਤੋਂ ਰੋਕਣ ਲਈ ਉਸ ਦੇ ਮਾਲਕ ਨੇ ਉਸ ਦੇ ਖੰਭ ਕੁਤਰ ਦਿੱਤੇ ਸਨ ਪਰ ਤੋਤਾ ਬਾਰ-ਬਾਰ ਉਡਣ ਦੀ ਕੋਸ਼ਿਸ਼ ਕਰਦਾ ਸੀ।ਇਸ ਕੋਸ਼ਿਸ਼ ਵਿਚ ਉਹ ਕਈ ਉੱਚਾਈ ਤੋਂ ਹੇਠਾਂ ਡਿੱਗ ਕੇ ਜ਼ਖਮੀ ਵੀ ਹੋਇਆ। ਹਸਪਤਾਲ ਪਹੁੰਚੇ ਤੋਤੇ ਦਾ ਡਾਕਟਰ ਕੈਥਰੀਨ ਅਪੁਲੀ ਨੇ ਇਲਾਜ ਕੀਤਾ ਅਤੇ ਉਸ ਦਾ ਨਾਮ ਵੇਈ-ਵੇਈ ਰੱਖਿਆ। ਖੰਭਾਂ ਦੇ ਟਰਾਂਸਪਲਾਂਟ ਵਿਚ ਕੁਝ ਹੀ ਘੰਟੇ ਦਾ ਸਮਾਂ ਲੱਗਾ। ਇਸ ਲਈ ਦਾਨ ਵਿਚ ਮਿਲੇ ਤੋਤੇ ਦੇ ਖੰਭ, ਗੂੰਦ ਅਤੇ ਟੂਥਪਿਕਸ ਦੀ ਵਰਤੋਂ ਕਰ ਕੇ ਨਵੇਂ ਖੰਭ ਤਿਆਰ ਕੀਤੇ ਗਏ।

ਪਹਿਲਾਂ ਖੰਭਾਂ ਨੂੰ ਲਗਾਉਣ ਲਈ ਜਿਹੜੀ ਪ੍ਰਕਿਰਿਆ ਵਰਤੀ ਜਾਂਦੀ ਸੀ, ਉਹ ਪੰਛੀਆਂ ਲਈ ਕਾਫੀ ਦਰਦਨਾਕ ਹੁੰਦੀ ਸੀ ਪਰ ਗਲੂ ਆਧਾਰਿਤ ਤਕਨੀਕ ਨਾਲ ਤੋਤਾ ਕੁਝ ਹੀ ਘੰਟੇ ਹਸਪਤਾਲ ਵਿਚ ਰਿਹਾ। ਟਰਾਂਸਪਲਾਂਟ ਦੇ ਬਾਅਦ ਤੋਤਾ ਇਕ ਘੰਟੇ ਤੱਕ ਆਸਮਾਨ ਵਿਚ ਉੱਡਿਆ ਅਤੇ ਫਿਰ ਸੁਰੱਖਿਅਤ ਜ਼ਮੀਨ 'ਤੇ ਆ ਕੇ ਬੈਠ ਗਿਆ।

ਬੀਤੇ ਸਾਲ ਤਿਤਲੀ ਦੇ ਖੰਭ ਕੀਤੇ ਗਏ ਸੀ ਟਰਾਂਸਪਲਾਂਟ


ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਪੰਛੀ ਦੇ ਖੰਭ ਟਰਾਂਸਪਲਾਂਟ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੇਟੀ ਵਨਬੇਲਿਕਨ ਨਾਮ ਦੀ ਇਕ ਮਹਿਲਾ ਡਾਕਟਰ ਨੇ ਇਕ ਤਿਤਲੀ ਦੇ ਖੰਭਾਂ ਨੂੰ ਟਰਾਂਸਪਲਾਂਟ ਕਰਕੇ ਉਸ ਨੂੰ ਉੱਡਣ ਦੇ ਕਾਬਲ ਬਣਾਇਆ ਸੀ। ਤਿਤਲੀ ਦੇ ਖੰਭਾਂ ਨੂੰ ਜੋੜਣ ਅਤੇ ਉਸ ਨੂੰ ਮੁੜ ਉੱਡਦੇ ਹੋਏ ਦਾ ਵੀਡੀਓ ਪਿਛਲੇ ਸਾਲ ਸਤੰਬਰ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

Vandana

This news is Content Editor Vandana