ਆਸਟ੍ਰੇਲੀਆ ਭਰ ''ਚ ਨਵੇਂ ਸਾਲ ਦੇ ਮਨਾਏ ਗਏ ਜਸ਼ਨ

01/01/2018 9:51:27 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ, ਜੋਸ਼-ਖਰੋਸ਼ ਤੇ ਨਵੀਆਂ ਉਮੰਗਾਂ ਨਾਲ ਕੀਤਾ ਗਿਆ। ਰਾਤ 12 ਵੱਜਦੇ ਸਾਰ ਹੀ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ, ਮੈਲਬੋਰਨ, ਪਰਥ, ਐਡੀਲੇਡ ਤੇ ਬ੍ਰਿਸਬੇਨ ਵਿਖੇ ਆਤਿਸ਼ਬਾਜੀ ਕੀਤੀ ਗਈ। ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਸਿਟੀ, ਸਾਊਥ ਬੈਂਕ ਤੇ ਹੈਮਿਲਟਨ ਵਿਖੇ ਵੀ ਬੀਤੇ ਸਾਲ ਨੂੰ ਅਲਵਿਦਾ ਕਹਿਣ ਤੇ ਨਵੇਂ ਸਾਲ ਦੇ ਸਵਾਗਤ ਦੇ ਲਈ ਰਾਸ਼ਟਰੀ ਮੀਡੀਏ ਦੇ ਹਵਾਲੇ ਅਨੁਸਾਰ 85000 ਦੀ ਗਿਣਤੀ ਦੇ ਕਰੀਬ ਲੋਕ ਸਵੇਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜੋ ਕਿ ਖਰਾਬ ਮੌਸਮ ਦੀ ਪਰਵਾਹ ਕੀਤੇ ਬਿਨ੍ਹਾਂ ਦੇਰ ਰਾਤ ਤੱਕ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਲਈ ਰੁਕੇ ਰਹੇ। ਰਾਤ 8:30 ਵਜੇ ਤੇ ਫਿਰ ਰਾਤ 12 ਵੱਜਦੇ ਹੀ ਆਤਿਸ਼ਬਾਜੀ ਦਾ ਬਹੁਤ ਹੀ ਮਨਮੋਹਣਾ ਨਜ਼ਾਰਾ ਦੇਖਣ ਨੂੰ ਮਿਲਿਆ ਤੇ ਸਾਰੇ ਲੋਕਾਂ ਨੇ ਖੁਸ਼ੀ ਵਿਚ ਖੀਵੇਂ ਹੋ ਕੇ ਇਕ ਦੂਜੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਨਵੇਂ ਸਾਲ ਨੂੰ ਖੁਸ਼ਆਮਦੀਦ ਆਖਿਆ। ਕ੍ਰਿਸਮਸ ਤੋਂ ਲੈ ਕੇ ਨਵੇਂ ਸਾਲ ਦੀ ਆਮਦ ਤੱਕ ਪੂਰਾ ਹਫਤਾ ਲੋਕ ਛੁੱਟੀਆਂ ਮਨਾਉਂਦੇ ਹੋਏ ਖਰੀਦਦਾਰੀ ਕਰਦੇ ਰਹੇ ਤੇ ਤੋਹਫੇ, ਮਠਿਆਈਆਂ ਦਾ ਅਦਾਨ ਪ੍ਰਦਾਨ ਕਰਦੇ ਹੋਏ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਰਹੇ। ਨਵੇਂ ਸਾਲ ਦੀ ਆਮਦ 'ਤੇ ਕੁਝ ਸਥਾਨਕ ਲੋਕਾਂ ਵੱਲੋਂ ਗਿਰਜਾ ਘਰ ਵਿਚ ਪ੍ਰਥਾਨਾ ਸਭਾਵਾਂ ਕੀਤੀਆਂ ਗਈਆਂ ਤੇ ਭਾਰਤੀ ਭਾਈਚਾਰੇ ਵੱਲੋਂ ਵੀ ਨਵਂੇ ਸਾਲ ਮੰਦਿਰਾਂ ਤੇ ਗੁਰਦੁਆਰਿਆਂ ਵਿਖੇ ਨਤਮਸਤਕ ਹੋ ਕੇ ਬੜੇ ਹੀ ਉਤਸ਼ਾਂਹ ਤੇ ਉਮੰਗ ਨਾਲ ਮਨਾਇਆ ਗਿਆ।