ਆਸਟ੍ਰੇਲੀਆ ਨੇ ਉੱਤਰੀ ਕੋਰੀਆ ਵਿਰੁੱਧ ਮਿਜ਼ਾਈਲ ਫ੍ਰਿਗੇਟ ਕੀਤਾ ਤਾਇਨਾਤ

10/12/2018 5:40:41 PM

ਕੈਨਬਰਾ (ਭਾਸ਼ਾ)— ਆਸਟ੍ਰੇਲੀਆ ਨੇ ਉੱਤਰੀ ਕੋਰੀਆ ਵਿਰੁੱਧ ਪਾਬੰਦੀਆਂ ਨੂੰ ਲਾਗੂ ਕਰਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਦੇ ਤਹਿਤ ਪੂਰਬੀ ਚੀਨ ਸਾਗਰ ਵਿਚ ਨਿਰਦੇਸ਼ਿਤ ਮਿਜ਼ਾਈਲ ਫ੍ਰਿਗੇਟ ਤਾਇਨਾਤ ਕੀਤਾ ਹੈ। ਆਸਟ੍ਰੇਲੀਆ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਆਸਟ੍ਰੇਲੀਆਈ ਰੱਖਿਆ ਬਲ ਦੇ ਚੀਫ ਆਫ ਜੁਆਇੰਟ ਆਪਰੇਸ਼ਨਸ ਏਅਰ ਮਾਰਸ਼ਲ ਮੇਲ ਹਪਫੇਲਡ ਨੇ ਦੱਸਿਆ ਕਿ ਜਾਪਾਨ ਸਥਿਤ ਦੋ ਆਸਟ੍ਰੇਲੀਆਈ ਏ.ਪੀ.-3 ਸੀ ਓਰੀਅਨ ਨਿਗਰਾਨੀ ਜਹਾਜ਼ ਜੰਗੀ ਜਹਾਜ਼ ਦੀ ਮਦਦ ਕਰੇਗਾ। ਇਸ ਜੰਗੀ ਜਹਾਜ਼ ਦੇ ਚਾਲਕ ਦਲ ਦੇ 230 ਮੈਂਬਰ ਹਨ। 

ਏਅਰ ਮਾਰਸ਼ਲ ਨੇ ਪੱਤਰਕਾਰਾਂ ਨੂੰ ਦੱਸਿਆ,''ਕੋਰੀਆਈ ਪ੍ਰਾਇਦੀਪ ਵਿਚ ਤਣਾਅ ਵਿਚ ਕਮੀ ਆਉਣ ਦੇ ਬਾਵਜੂਦ ਉੱਤਰੀ ਕੋਰੀਆ, ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਨੂੰ ਅਣਡਿੱਠਾ ਕਰਦਿਆਂ ਆਪਣਾ ਪਰਮਾਣੂ ਪ੍ਰੋਗਰਾਮ ਅਤੇ ਬੈਲਿਸਟਿਕ ਹਥਿਆਰ ਪ੍ਰੋਗਰਾਮ ਜਾਰੀ ਰੱਖੇ ਹੋਏ ਹੈ।'' ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਪਾਬੰਦੀਆਂ ਨੂੰ ਲਾਗੂ ਕਰਨ ਲਈ ਜਾਪਾਨ, ਅਮਰੀਕਾ, ਕੈਨੇਡਾ ਅਤੇ ਦੱਖਣੀ ਕੋਰੀਆ ਦੇ ਸਹਿਯੋਗ ਨਾਲ ਕੰਮ ਕਰੇਗਾ। ਭਾਵੇਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕੀ ਫ੍ਰਿਗੇਟ ਐੱਚ.ਐੱਮ.ਏ.ਐੱਸ. ਮੈਲਬੌਰਨ ਦੀ ਭੂਮਿਕਾ ਸ਼ੱਕੀ ਕਾਰਗੋ ਜਹਾਜ਼ ਨੂੰ ਫੜਨ ਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਪਹਿਲੂਆਂ ਦੀ ਡੂੰਆਈ ਵਿਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਇਹ ਸੰਚਾਲਨ ਨਾਲ ਜੁੜਿਆ ਮਾਮਲਾ ਹੈ।