ਆਸਟ੍ਰੇਲੀਆ : ਯਾਦਗਾਰੀ ਹੋ ਨਿਬੜਿਆ ਮੁਰੇ ਬਰਿੱਜ ਦਾ ਵਿਰਾਸਤੀ ਮੇਲਾ (ਤਸਵੀਰਾਂ)

10/17/2023 5:04:42 PM

ਮੈਲਬੌਰਨ/ਐਡੀਲੇਡ (ਮਨਦੀਪ ਸਿੰਘ ਸੈਣੀ): ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਤੋਂ ਕਰੀਬ 80 ਕੁ ਕਿਮੀ ਦੂਰ ਕਸਬੇ ਮੁਰੇ ਬਰਿੱਜ ਵਿੱਖੇ ਪੰਜਾਬੀ ਵਿਰਾਸਤ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ ਛੇਵਾਂ ਵਿਰਾਸਤ ਮੇਲਾ ਯਾਦਗਾਰੀ ਹੋ ਨਿਬੜਿਆ। ਪੰਜਾਬੀ ਵਿਰਾਸਤ ਐਸੋਸ਼ੀਏਸਨ ਦੇ ਸਰਪ੍ਰਸਤ ਜਗਤਾਰ ਸਿੰਘ ਨਾਗਰੀ, ਧਾਮੀ ਜਟਾਣਾ, ਮਾਸਟਰ ਮਨਜੀਤ ਸਿੰਘ, ਰਵਿੰਦਰ ਸ਼ੋਕਰ, ਸਰਵਨ ਰੰਧਾਵਾ ਦੇ ਸਾਂਝੇ ਯਤਨਾਂ ਅਤੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਛੇਵਾਂ ਵਿਰਾਸਤੀ ਮੇਲਾ ਮੁਰੇ ਬਰਿੱਜ ਦੱਖਣੀ (ਐਡੀਲੇਡ) ਵਿੱਖੇ ਬਹੁਤ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਐਡੀਲੇਡ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। 

ਇਸ ਵਾਰ ਇਹ ਮੇਲਾ ਮੁਰੇ ਬਰਿੱਜ ਰੇਸਿੰਗ ਕਲੱਬ ਵਿੱਖੇ ਆਯੋਜਿਤ ਕੀਤਾ ਗਿਆ ਸੀ। ਇਹ ਮੇਲਾ ਪੰਜਾਬ ਦੇ ਹੀ ਕਿਸੇ ਪਿੰਡ ਦੇ ਮੇਲੇ ਦਾ ਝਲਕਾਰਾ ਪਾ ਰਿਹਾ ਸੀ। ਇਕ ਸਰਪ੍ਰਸਤ ਵਲੋਂ ਪ੍ਰਦਰਸ਼ਿਤ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੇ ਤੇ ਵਿਰਾਸਤੀ ਚੀਜ਼ਾਂ ਦੀ ਪ੍ਰਦਰਸ਼ਨੀ ਮੇਲੇ ਵਿੱਚ ਮੁੱਖ ਆਕਰਸ਼ਣ ਦਾ ਕੇਂਦਰ ਰਹੀ। ਜਿਸ ਵਿੱਚ ਇੱਥੋਂ ਦੀ ਨਵੀ ਪੀੜ੍ਹੀ ਨੇ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਨੇੜਿਓਂ ਦੇਖਣ ਦੀ ਕੋਸ਼ਿਸ਼ ਕੀਤੀ। ਮੇਲੇ ਦੀ ਸ਼ੁਰੁਆਤ ਨਿੱਕੇ ਕਲਾਕਾਰਾਂ ਦੇ ਗਿੱਧੇ, ਭੰਗੜਾ ਤੇ ਕੋਰਿੳਗਰਾਫੀ ਨਾਲ ਹੋਈ। ਇਸ ਮੌਕੇ ਫੋਕ ਐਂਡ ਰੌਕ ਬੈਲਰਟ ਦੀ ਟੀਮ ਨੇ ਸੁਲਤਾਨ ਢਿਲੋਂ ਦੀ ਅਗਵਾਈ ਵਿੱਚ ਮਲਵਈ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਕੀਤੀ। ਫੋਕ ਵੇਵ ਐਡੀਲੇਡ ਦੇ ਬਚਿਆਂ ਵਲੋਂ ਵੀ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। 

ਇਸ ਮੌਕੇ ਬਾਲੀਬਾਲ ਸ਼ੂਟਿੰਗ, ਰੱਸਾਕਸੀ ਤੇ ਸੀਪ ਦੀ ਬਾਜੀ ਦੇ ਮੁਕਾਬਲੇ ਵੀ ਕਰਵਾਏ ਗਏ। ਮੇਲੇ ਵਿੱਚ ਮੈਂਬਰ ਪਾਰਲੀਮੈਂਟ ਐਂਡਰਿਏਨ ਪੈਟਰਿਕ ਤੇ ਡਿਪਟੀ ਮੇਅਰ ਮੁਰੇ ਬਰਿੱਜ ਅੇਂਡਰਿੳ ਬਾਲਟਨਮਰਗਰ ਨੇ ਜਿੱਥੇ ਵਿਸ਼ੇਸ਼ ਤੌਰ 'ਤੇ ਹਾਜਰੀ ਭਰੀ ਤੇ ਆਏ ਹੋਏ ਪਰਿਵਾਰਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਉੱਥੇ ਇਸ ਮੌਕੇ ਸਥਾਨਕ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੋਹਨ ਸਿੰਘ ਮਲਹਾਂਸ , ਮਹਿੰਗਾ ਸਿੰਘ ਸੰਘਰ ਤੇ ਮਨੀ ਕੌਰ ਨੇ ਸਾਂਝੇ ਰੂਪ ਵਿੱਚ ਬਾਖੂਬੀ ਨਿਭਾਈ।ਇਸ।ਮੇਲੇ ਵਿੱਚ ਪ੍ਰਸਿੱਧ ਦੋਗਾਣਾ ਜੋੜੀ ਲਵਲੀ ਨਿਰਮਾਣ ਤੇ ਪਰਵੀਨ ਭਾਰਟਾ ਨੇ ਖੁੱਲ੍ਹੇ ਅਖਾੜੇ ਨਾਲ ਅਜਿਹਾ ਰੰਗ ਬੰਨ੍ਹਿਆਂ ਕਿ ਮੇਲੇ ਨੂੰ ਆਪਣੇ ਸਿਖਰਾਂ ਤੇ ਲੈ ਗਏ। ਦੋ ਗਾਣਾ ਜੋੜੀ ਨੇ ਆਪਣੇ ਗੀਤਾਂ ਦੀ ਪਿਟਾਰੀ ਵਿੱਚੋਂ ਲਾਕੇਟ, ਮਹਿੰਦੀ ਰੰਗ ਪੱਗ ਦੇ ਪੇਚਾਂ ਆਦਿ ਗਾ ਕੇ ਆਏ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਜਲੰਧਰ ਦੀ ਜੈਸਮੀਨ ਨੇ ਇੰਗਲੈਂਡ 'ਚ ਵਧਾਇਆ ਪੰਜਾਬੀਆਂ ਦਾ ਮਾਣ, ਗ੍ਰਹਿ ਮੰਤਰਾਲੇ 'ਚ ਸੰਭਾਲਿਆ ਵੱਡਾ ਅਹੁਦਾ

ਇਸ ਮੌਕੇ ਪ੍ਰਬੰਧਕਾਂ ਨੇ ਆਏ ਹੋਏ ਪਰਿਵਾਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਮੇਲੇ ਨਰੋਏ ਤੇ ਸਭਿਅਕ ਸਮਾਜ ਦੀ ਸਿਰਜਣਾ ਕਰਨ ਵਿੱਚ ਬਹੁਤ ਹੀ ਸਹਾਈ ਸਿੱਧ ਹੋ ਰਹੇ ਹਨ। ਮੇਲਾ ਪ੍ਰਬੰਧਕਾਂ ਵਲੋਂ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਾਸਤ ਨਾਲ ਜੁੜਨ ਦਾ ਹੋਕਾ ਦਿੰਦਿਆਂ ਤੇ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਵਿਰਾਸਤੀ ਮੇਲਾ ਸਮਾਪਤ ਹੋ ਗਿਆ। ਮੇਲੇ ਨੂੰ ਕਾਮਯਾਬ ਕਰਨ ਲਈ ਹਰਜੀਤ ਢਿਲੋਂ,ਬਲਵੰਤ ਸਿੰਘ, ਸਰੂਪ ਜੌਹਲ,ਤਿਰਮਾਨ ਗਿੱਲ,ਅਮਰਜੀਤ ਗਰੇਵਾਲ,ਲਖਵੀਰ ਸਿੰਘ, ਗਗਨਦੀਪ ਸਿੰਘ ,ਸਰਬਜੀਤ ਸੋਢਾ ਦਾ ਵਿਸ਼ੇਸ਼ ਯੋਗਦਾਨ ਰਿਹਾ।                                                   

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana