ਆਸਟ੍ਰੇਲੀਆ ''ਚ ਪ੍ਰੋ ਹਰਪਾਲ ਸਿੰਘ ਪੰਨੂ ਰੈਨਮਾਰਕ ਹੋਏ ਸੰਗਤਾਂ ਦੇ ਸਨਮੁੱਖ

06/11/2019 4:57:02 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਸਾਊਥ ਆਸਟ੍ਰੇਲੀਆ ਦੇ ਪੰਜਾਬੀ ਵਸੋਂ ਵਾਲੇ ਇਲਾਕੇ ਰਿਵਰਲੈਂਡ ਦੇ ਰੈਨਮਾਰਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਵ ਦੀ ਯਾਦ 'ਚ ਰੱਖੇ ਗਏ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਜਗਤ ਦੇ ਉੱਘੇ ਵਿਦਵਾਨ ਅਤੇ ਸਾਹਿਤਕਾਰ ਪ੍ਰੋ ਹਰਪਾਲ ਸਿੰਘ ਪੰਨੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਜਗਤ ਦੇ ਸ਼ਹੀਦਾਂ ਦੀਆਂ ਅਨ-ਛੋਹੀਆਂ ਗੱਲਾਂ ਦੀ ਸੰਗਤਾਂ ਨਾਲ ਸਾਂਝ ਪਾਈ ਅਤੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਧਰਮ ਨਾਲ ਜੋੜੇ ਰੱਖਣ ਲਈ ਗੁਰਮੁਖੀ ਨਾਲ ਜੋੜ ਕੇ ਰੱਖਣਾ ਬਹੁਤ ਲਾਜ਼ਮੀ ਹੈ। 

ਇਸ ਮੌਕੇ ਉਨ੍ਹਾਂ ਵਿਦੇਸ਼ਾਂ ਦੇ ਦੂਰ ਦੁਰਾਡੇ ਵਿਚ ਵੀ ਸਿੱਖੀ ਦੇ ਹੋ ਰਹੇ ਪਸਾਰ ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਦੁਨੀਆ ਦੇ ਕੋਨੇ-ਕੋਨੇ 'ਚ ਫੈਲ ਰਿਹਾ ਹੈ, ਜੋ ਕਿ ਸਾਡੀ ਕੌਮ ਲਈ ਮਾਣ ਵਾਲੀ ਗੱਲ ਹੈ। ਇਸ ਸਮਾਗਮ ਦੇ ਅਖੀਰ 'ਚ ਪ੍ਰਬੰਧਕਾਂ ਵੱਲੋਂ ਪੰਨੂ ਸਾਹਿਬ ਨੂੰ ਗੁਰੂ ਜੀ ਦੇ ਸਿਰੋਪਾਉ ਦੀ ਬਖ਼ਸ਼ੀਸ਼ ਸੌਂਪੀ ਗਈ। ਸਮਾਗਮ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਪੰਨੂ ਸਾਹਿਬ ਨਾਲ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿਚ ਆਉਣ ਵਾਲੇ ਦਿਨਾਂ 'ਚ ਰੈਨਮਾਰਕ ਵਿਖੇ ਇਕ ਪੰਜਾਬੀ ਸਕੂਲ ਚਲਾਉਣ ਸਬੰਧੀ ਰੂਪ ਰੇਖਾ ਬਾਰੇ ਵੀ ਵਿਚਾਰਾਂ ਹੋਈਆਂ। 

ਇਸ ਮੌਕੇ 'ਤੇ ਸਾਊਥ ਆਸਟ੍ਰੇਲੀਆ ਦੇ ਉੱਘੇ ਭਾਰ ਤੋਲਕ ਬੂਟਾ ਸਿੰਘ ਸਹੋਤਾ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਬੰਧਕਾਂ ਦੀਆਂ ਨੀਤੀਆਂ ਪੰਨੂ ਸਾਹਿਬ ਨਾਲ ਸਾਂਝੀਆਂ ਕੀਤੀਆਂ ਉੱਥੇ ਉਨ੍ਹਾਂ ਪੰਨੂ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਪਹਿਲੇ ਸਮਾਗਮ ਮੌਕੇ ਪੰਨੂ ਸਾਹਿਬ ਵਰਗੇ ਵਿਦਵਾਨ ਰਾਹ ਦਸੇਰਾ ਬਣੇ। ਇਹਨਾਂ ਵਿਚਾਰਾਂ 'ਚ ਰਮਨਦੀਪ ਸਿੰਘ, ਮਨਵਿੰਦਰ ਸਿੰਘ ਤੁੰਗ, ਹੀਰਾ ਸਿੰਘ, ਪਿਆਰਾ ਸਿੰਘ ਅਟਵਾਲ ਅਤੇ ਮਿੰਟੂ ਬਰਾੜ ਆਦਿ ਵੀ ਸ਼ਾਮਿਲ ਹੋਏ। ਇੱਥੇ ਜ਼ਿਕਰਯੋਗ ਹੈ ਕਿ ਅੱਜ ਕੱਲ੍ਹ ਪੰਨੂ ਸਾਹਿਬ ਆਪਣੇ ਆਸਟ੍ਰੇਲੀਆ ਦੌਰੇ 'ਤੇ ਹਨ। ਆਉਣ ਵਾਲੇ ਦਿਨਾਂ 'ਚ ਉਹ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸੰਗਤਾਂ ਦੇ ਰੂਬਰੂ ਹੋਣਗੇ।


Vandana

Content Editor

Related News