ਬ੍ਰਿਸਬੇਨ ''ਚ ਸਿਰ ਚੜ੍ਹ ਬੋਲਿਆ ਹਰਭਜਨ ਮਾਨ ਦੀ ਗਾਇਕੀ ਦਾ ਜਾਦੂ

07/16/2019 4:28:19 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਪ੍ਰਬੰਧਕ ਮਨਮੋਹਣ ਸਿੰਘ, ਮਲਕੀਤ, ਗਗਨ, ਹੈਪੀ ਅਤੇ ਜਗਨਪ੍ਰੀਤ ਵਲੋਂ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਦਾ ਸ਼ੋਅ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਵਿਖੇ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ।ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਜਦੋਂ ਦਸਤਕ ਦਿੱਤੀ ਗਈ ਤਾਂ ਸਾਰਾ ਹਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂੰਜ ਉੱਠਿਆ।

ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੀਤ 'ਰੋਜੀ ਰੋਟੀ, ਇੱਜਤ ਮਾਣ ਬੱਚੇ ਆਗਿਆਕਾਰ ਗੁਰੂ ਦੀ ਕਿਰਪਾ ਹੈ', 'ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ', ਮਾਂਵਾਂ ਮਾਂਵਾਂ ਮਾਂਵਾਂ ਮਾਂ ਜੱਨਤ ਦਾ ਪ੍ਰਛਾਵਾਂ' 'ਮਾਵਾਂ ਠੰਡੀਆਂ ਛਾਵਾਂ' ਨਾਲ ਮਾਂ ਦੀ ਮਮਤਾ ਤੇ ਪ੍ਰਮਾਤਮਾ ਦੀ ਇਬਾਦਿਤ ਕਰਦਿਆਂ ਕੀਤੀ।ਉਪਰੰਤ ਇੱਕ ਤੋ ਵੱਧ ਇੱਕ ਪ੍ਰਸਿੱਧ ਗੀਤ ਜਿਨ੍ਹਾਂ 'ਚ 'ਜੱਗ ਜਿਉਦਿਆਂ ਦੇ ਮੇਲੇ', 'ਗੱਲਾਂ ਗੋਰੀਆਂ ਦੇ ਵਿੱਚ ਟੋਏ', 'ਯਾਦਾਂ ਰਹਿ ਜਾਣੀਏ', 'ਚਿੱਠੀਏ ਨੀ ਚਿੱਠੀਏ', 'ਠਹਿਰ ਜਿੰਦੜੀਏ ਠਹਿਰ' ਆਦਿ ਅਨੇਕਾਂ ਗੀਤਾਂ ਨਾਲ ਜਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਤੇ ਪੰਜਾਬੀਅਤ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ। 

ਹਰਭਜਨ ਮਾਨ ਨੇ ਤਕਰੀਬਨ ਤਿੰਨ ਘੰਟੇ ਲਗਾਤਾਰ ਗੀਤ ਗਾਏ। ਵੱਡੀ ਗਿਣਤੀ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆ ਤੇ ਦੇਰ ਰਾਤ ਤੱਕ ਸਰੋਤਿਆਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਹਰਭਜਨ ਨੇ ਇਸ ਸ਼ੋਅ ਨੂੰ ਸਿਖਰਾਂ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ ਵਾਹ ਖੱਟੀ।ਜ਼ਿਕਰਯੋਗ ਹੈ ਕਿ ਹਰਭਜਨ ਮਾਨ ਦੇ ਸ਼ੋਅ 'ਚ ਵੱਡੀ ਗਿਣਤੀ ਵਿੱਚ ਆਏ ਹੋਏ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।

ਮੁੱਖ ਪ੍ਰਬੰਧਕ ਮਨਮੋਹਣ ਸਿੰਘ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਉਨ੍ਹਾਂ ਦੇ ਦੁਨੀਆ ਭਰ 'ਚ ਕੀਤੇ ਜਾ ਰਹੇ ਸ਼ੋਅਜ ਨੂੰ ਸਰੋਤਿਆਂ ਵਲੋ ਬਹੁਤ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ।ਹਰਭਜਨ ਮਾਨ ਦਾ ਇਹ ਸ਼ੋਅ ਵਿਰਸੇ ਦੀ ਬਾਤ ਪਾਉਂਦਾ ਹੋਇਆ ਅਮਿੱਟ ਪੈੜ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।ਨੀਰਜ ਪੋਪਲੀ ਵਲੋਂ ਮੰਚ ਦਾ ਸੰਚਾਲਨ ਸ਼ੇਅਰੋ-ਸ਼ਾਇਰੀ ਨਾਲ ਬਾਖੂਬੀ ਕੀਤਾ ਗਿਆ।

Vandana

This news is Content Editor Vandana