ਆਸਟ੍ਰੇਲੀਆ : ਜੰਗਲੀ ਅੱਗ ਕਾਰਨ ਰਾਜਧਾਨੀ ''ਚ ਨਵੇਂ ਸਾਲ ਦਾ ਆਤਿਸਬਾਜ਼ੀ ਪ੍ਰੋਗਰਾਮ ਰੱਦ

12/30/2019 1:15:52 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਜੰਗਲਾਂ ਵਿਚ ਅੱਗ ਲੱਗੀ ਹੋਣ ਦੇ ਕਾਰਨ ਰਾਜਧਾਨੀ ਕੈਨਬਰਾ ਵਿਚ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ 'ਤੇ ਆਯੋਜਿਤ ਹੋਣ ਵਾਲਾ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਆਸਟ੍ਰੇਲੀਆਈ ਰਾਜਧਾਨੀ ਖੇਤਰ (ਏ.ਸੀ.ਟੀ.) ਨੇ ਬੁੱਧਵਾਰ ਤੱਕ ਜੰਗਲੀ ਅੱਗ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲੈਣ ਦਾ ਐਲਾਨ ਕੀਤਾ ਹੈ ਪਰ ਇਸ ਤੋਂ ਪਹਿਲਾਂ ਸੋਮਵਾਰ ਅਤੇ ਮੰਗਲਵਾਰ ਨੂੰ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਹੈ। ਇਵੈਂਟਸ ਏ.ਸੀ.ਟੀ. ਨੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ  ਮੰਗਲਵਾਰ ਰਾਤ 9 ਵਜੇ ਅਤੇ 12 ਵਜੇ ਕੈਨਬਰਾ ਵਿਚ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੀ ਯੋਜਨਾ ਬਣਾਈ ਸੀ ਪਰ ਏ.ਸੀ.ਟੀ. ਐਮਰਜੈਂਸੀ ਸੇਵਾ ਏਜੰਸੀ ਦੀ ਕਮਿਸ਼ਨਰ ਜਾਰਜੀਨਾ ਵ੍ਹੇਲਨ ਵੱਲੋਂ ਅਜਿਹਾ ਨਾ ਕਰਨ ਦੀ ਸਲਾਹ ਦਿੱਤੇ ਜਾਣ ਦੇ ਬਾਅਦ ਐਤਵਾਰ ਸ਼ਾਮ ਦੋਵੇਂ ਆਤਿਸ਼ਬਾਜ਼ੀ ਪ੍ਰਦਰਸ਼ਨ ਰੱਦ ਕਰ ਦਿੱਤੇ ਗਏ। 

ਵ੍ਹੇਲਨ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਇਹ ਸਾਡੇ ਲਈ ਸਮਝਦਾਰੀ ਭਰਿਆ ਫੈਸਲਾ ਹੋਵੇਗਾ ਕਿ ਅਸੀਂ ਏ.ਸੀ.ਟੀ. ਵਿਚ ਆਤਿਸ਼ਬਾਜ਼ੀ ਨਾ ਕਰੀਏ। ਹਜ਼ਾਰਾਂ ਲੋਕਾਂ ਦੇ ਆਤਿਸ਼ਬਾਜ਼ੀ ਦੇਖਣ ਲਈ ਕੈਨਬਰਾ ਦੇ ਕੇਂਦਰੀ ਵਪਾਰਕ ਜ਼ਿਲੇ (ਸੀ.ਬੀ.ਡੀ.) ਵਿਚ ਪਹੁੰਚਣ ਦੀ ਆਸ ਸੀ ਪਰ ਵ੍ਹੇਲਨ ਨੇ ਕਿਹਾ ਕਿ ਇਸ ਨਾਲ ਬਹੁਤ ਵੱਡਾ ਖਤਰਾ ਸੀ। ਇਵੈਂਟਸ ਏ.ਸੀ.ਟੀ. ਨੇ ਦੱਸਿਆ ਕਿ ਸੀ.ਬੀ.ਡੀ. ਦੇ ਨੇੜੇ ਆਤਿਸ਼ਬਾਜ਼ੀ ਦੇ ਇਲਾਵਾ ਲਾਈਵ ਸੰਗੀਤ ਸਮੇਤ ਹੋਰ ਪ੍ਰੋਗਰਾਮਾਂ ਨੂੰ ਵੀ ਖਰਾਬ ਮੌਸਮ ਅਤੇ ਹਵਾ ਦੀ ਖਰਾਬ ਗੁਣਵੱਤਾ ਦੇ ਕਾਰਨ ਰੱਦ ਕੀਤਾ ਜਾ ਸਕਦਾ ਹੈ । ਇਵੈਂਟਸ ਏ.ਸੀ.ਟੀ. ਦੇ ਜੋਅ ਵਰਡਨ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਏ.ਸੀ.ਟੀ. ਮੌਸਮ ਦੀ ਸਥਿਤੀ ਅਤੇ ਧੁੰਦ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਤੈਅ ਹੋ ਸਕੇ ਕਿ ਹੋਰ ਪ੍ਰੋਗਰਾਮ ਅਤੇ ਲਾਈਵ ਸੰਗੀਤ ਆਦਿ ਦਾ ਆਯੋਜਨਾ ਕੀਤਾ ਜਾ ਸਕੇਗਾ ਜਾਂ ਨਹੀਂ। 

ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਪਿਛਲੇ 10 ਦਿਨਾਂ ਵਿਚ ਜੰਗਲੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ। ਅੱਗ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਭਿਆਨਕ ਅੱਗ ਕਾਰਨ ਸੋਮਵਾਰ ਨੂੰ ਪੂਰਬੀ ਗਿਪਸਲੈਂਡ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਤੋਂ ਪਹਿਲਾਂ 30,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ। ਵੱਧਦੇ ਤਾਪਮਾਨ ਅਤੇ ਤੇਜ਼ ਹਵਾਵਾਂ ਦੇ ਕਾਰਨ ਭਿਆਨਕ ਜੰਗਲੀ ਅੱਗ ਦੇ ਫੈਲਣ ਦਾ ਖਦਸ਼ਾ ਹੈ ਜੋ ਪਹਿਲਾਂ ਹੀ 130,000 ਹੈਕਟੇਅਰ ਜ਼ਮੀਨ ਨਸ਼ਟ ਕਰ ਚੁੱਕੀ ਹੈ।


Vandana

Content Editor

Related News