ਆਸਟ੍ਰੇਲੀਆ : ਜ਼ੋਰਦਾਰ ਧਮਾਕੇ ਨਾਲ ਕਾਰ ''ਚ ਲੱਗੀ ਅੱਗ, ਜਾਂਚ ਜਾਰੀ

11/09/2018 12:22:25 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਘਟਨਾ ਵਾਪਰੀ। ਇੱਥੇ ਬੋਰਕੇ ਸਟ੍ਰੀਟ ਵਿਚ ਖੜ੍ਹੀ ਇਕ ਕਾਰ ਵਿਚ ਅਚਾਨਕ ਅੱਗ ਲੱਗ ਗਈ। ਹਾਦਸੇ ਦੇ ਬਾਅਦ ਉੱਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।

ਵਿਕਟੋਰੀਅਨ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਬੋਰਕੇ ਸਟ੍ਰੀਟ 'ਤੇ ਵਾਪਰੀ ਇਸ ਘਟਨਾ ਦੀ ਜਾਣਕਾਰੀ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਆਮ ਜਨਤਾ ਨੂੰ ਇਸ ਖੇਤਰ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ।

ਮੈਟਰੋਪਾਲਟੀਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ 'ਤੇ 10 ਮਿੰਟ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ। ਇਕ ਚਸ਼ਮਦੀਦ ਸ਼ੈਲੀ ਰੀਡ ਨੇ ਦੱਸਿਆ ਕਿ ਕਾਰ ਵਿਚੋਂ ਇਕ ਵੱਡੀ ਰੋਸ਼ਨੀ ਨਿਕਲੀ ਅਤੇ ਧਮਾਕਾ ਹੋਇਆ, ਜਿਸ ਮਗਰੋਂ ਧੂੰਆਂ ਹੋ ਗਿਆ।

ਇਸ ਖੇਤਰ ਵੱਲ ਟਰਾਮਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।