ਆਸਟਰੇਲੀਆ ''ਚ ਫੇਸਬੁੱਕ ਉੱਤੇ ਸਮਲਿੰਗੀ ਵਿਆਹ ਦਾ ਸਮਰਥਨ ਕਰਨ ਵਾਲੀ ਕੁੜੀ ਦੇ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ ਰੱਦ

09/15/2017 3:04:38 PM

ਸਿਡਨੀ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਮਲਿੰਗੀ ਵਿਆਹ ਦੇ ਪੱਖ ਵਿਚ ਰਾਏ ਰੱਖਣ ਕਾਰਨ ਇਕ ਕੁੜੀ ਦੇ ਵਿਆਹ ਪਰੋਗਰਾਮ ਨੂੰ ਰੱਦ ਕਰਨ ਦੇ ਚਰਚ ਦੇ ਫ਼ੈਸਲੇ ਦਾ ਬਚਾਅ ਕੀਤਾ ਹੈ। ਇਕ ਰਿਪੋਰਟ ਅਨੁਸਾਰ ਪੇਂਡੂ ਸ਼ਹਿਰ ਬੱਲਾਰਾਤ ਵਿਚ ਇਕ ਜੋੜੇ ਦਾ ਵਿਆਹ ਹੋਣਾ ਸੀ ਪਰ ਹੋਣ ਵਾਲੀ ਲਾੜੀ ਵੱਲੋਂ ਵਿਆਹ ਕਾਨੂੰਨ ਵਿਚ ਬਦਲਾਅ ਲਿਆਉਣ ਦੇ ਪੱਖ ਵਿਚ ਫੇਸਬੁੱਕ ਉੱਤੇ ਵਿਚਾਰ ਰੱਖਣ ਤੋਂ ਬਾਅਦ ਉਸ ਨੂੰ ਸੂਚਿਤ ਕੀਤਾ ਗਿਆ ਕਿ ਚਰਚ ਮੰਤਰੀ ਹੁਣ ਉਸ ਦੇ ਵਿਆਹ ਦੀ ਆਗਿਆ ਨਹੀਂ ਦਿੰਦੇ । ਮੰਤਰੀ ਨੇ ਲਾੜੀ ਨੂੰ ਇਕ ਪੱਤਰ ਲਿਖਿਆ ਕਿ, ''ਸਮਲਿੰਗੀ ਵਿਆਹ ਲਈ ਤੁਹਾਡੀ ਵਚਨਬੱਧਤਾ ਜੀਸਸ ਕਰਾਈਸਟ ਦੀ ਸਿੱਖਿਆ ਅਤੇ ਆਸਟਰੇਲੀਆ ਦੇ ਪ੍ਰਿਸਬਾਈਟੇਰੀਅਨ ਚਰਚ ਅਤੇ ਮੈਂ, ਜਿਨ੍ਹਾਂ ਧਾਰਮਿਕ ਰਸਤਿਆਂ 'ਤੇ ਚਲਦੇ ਹਾਂ, ਉਨ੍ਹਾਂ ਤੋਂ ਉਲਟ ਹੈ।'' ਪੱਤਰ ਵਿਚ ਕਿਹਾ ਗਿਆ, ''ਵਿਚਾਰਾਂ ਦੇ ਇਸ ਸੰਘਰਸ਼ ਦਾ ਤੁਹਾਡੇ ਹੋਣ ਵਾਲੇ ਵਿਆਹ ਉੱਤੇ ਵਿਹਾਰਕ ਨਤੀਜਾ ਹੋਵੇਗਾ । ਇਸ ਨੂੰ ਕਰਾਉਣ ਦੀ ਆਗਿਆ ਦੇਣ ਨਾਲ ਅਜਿਹਾ ਪ੍ਰਤੀਤ ਹੋਵੇਗਾ ਕਿ ਮੈਂ ਸਮਲਿੰਗੀ ਵਿਆਹ ਉੱਤੇ ਤੁਹਾਡੇ ਵਿਚਾਰਾਂ ਦਾ ਸਮਰਥਨ ਕਰਦਾ ਹਾਂ ਅਤੇ ਇਸ ਮੁੱਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ।'' ਚਰਚ ਇਬੇਨੇਜਰ ਸੈਂਟ ਜਾਨ ਨੇ ਸ਼ੁੱਕਰਵਾਰ ਭਾਵ ਅੱਜ ਹਾਲਾਂਕਿ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਮੰਤਰੀ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ, ''ਚਰਚ ਜਿਸ ਦਾ ਚਾਹੇ ਵਿਆਹ ਕਰਾਉਣ ਲਈ ਆਜ਼ਾਦ ਹੈ।'' ਟਰਨਬੁਲ ਨੇ ਕੈਨਬੇਰਾ ਵਿਚ ਪੱਤਰਕਾਰਾਂ ਨੂੰ ਕਿਹਾ, ''ਚਰਚ ਵਿਆਹ ਕਰਾਉਣ ਅਤੇ ਨਾ ਕਰਾਉਣ ਲਈ ਆਜ਼ਾਦ ਹੈ। ਇਹ ਧਾਰਮਿਕ ਅਜ਼ਾਦੀ ਦਾ ਹਿੱਸਾ ਹੈ । ਦ ਕੈਥਲਿਕ ਚਰਚ ਅਜਿਹੇ ਕਿਸੇ ਵਿਅਕਤੀ ਦਾ ਵਿਆਹ ਨਹੀਂ ਕਰਾਉਂਦਾ ਜਿਸ ਦਾ ਪਹਿਲਾਂ ਵਿਆਹ ਹੋ ਚੁੱਕਿਆ ਹੋਵੇ ।'' ਧਿਆਨਦੇਣ ਯੋਗ ਹੈ ਕਿ ਦੇਸ਼ ਵਿਚ ਸਮਲਿੰਗੀ ਵਿਆਹ ਨੂੰ ਵਿਧਾਨਕ ਦਰਜਾ ਦਿੱਤੇ ਜਾਣ 'ਤੇ ਸਵੈ-ਇੱਛਕ ਪੋਸਟਲ ਬੈਲੇਟ ਵੋਟਿੰਗ ਚੱਲ ਰਹੀ ਹੈ। ਇਸ ਵਿਚ ਡੇਢ ਕਰੋੜ ਦੇਸ਼ਵਾਸੀ ਵੋਟ ਕਰਨਗੇ ਅਤੇ ਨਤੀਜਾ ਨਵੰਬਰ ਦੇ ਮੱਧ ਵਿਚ ਆਏਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇਕਰ ਦੇਸ਼ਵਾਸੀ ਵੱਡੀ ਗਿਣਤੀ ਵਿਚ ''ਹਾਂ'' ਦੇ ਪੱਖ ਵਿਚ ਵੋਟ ਕਰਦੇ ਹਨ ਤਾਂ ਉਹ ਸੰਸਦ ਵਿਚ ਇਸ ਉੱਤ ਵੋਟ ਕਰਵਾ ਸਕਦੇ ਹਨ । ਲਾੜੀ ਨੇ ਵੀ ਇਸ ਸਬੰਧੀ ਫੇਸਬੁੱਕ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ।