ਆਸਟ੍ਰੇਲੀਆ : ਹੜ੍ਹ ''ਚ ਰੁੜ੍ਹਿਆ 18 ਸਾਲਾ ਨੌਜਵਾਨ

12/17/2018 12:34:51 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਟਾਊਨਸਵਿਲੇ ਦੇ ਉੱਤਰ ਵਿਚ ਹੜ੍ਹ ਦੇ ਪਾਣੀ ਵਿਚ ਫਸ ਜਾਣ ਕਾਰਨ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਬੁਸ਼ਲੈਂਡ ਬੀਚ 'ਤੇ ਬੀਤੀ ਸ਼ਾਮ ਡੇਨੀ ਬ੍ਰੇਸੀ ਬਿਗ ਕ੍ਰਿਸਟਲ ਕ੍ਰੀਕ ਵਿਚ ਆਪਣੇ ਦੋਸਤਾਂ ਨਾਲ ਤੈਰਾਕੀ ਕਰ ਰਿਹਾ ਸੀ। ਉਸ ਵੇਲੇ ਅਚਾਨਕ ਆਇਆ ਚੱਕਰਵਾਤ ਓਵੇਨ ਉਸ ਨੂੰ ਆਪਣੇ ਨਾਲ ਵਹਾ ਲੈ ਕੇ ਲੈ ਗਿਆ। 

ਮੀਂਹ ਬੰਦ ਹੋ ਗਿਆ ਸੀ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ ਨੌਜਵਾਨ ਜਲਦੀ ਹੀ ਮੁਸੀਬਤ ਵਿਚ ਫਸ ਗਿਆ। ਡੇਨੀ ਨੇ ਆਪਣੇ ਦੋਸਤਾਂ ਨੂੰ ਮਦਦ ਲਈ ਪੁਕਾਰਿਆ ਪਰ ਉਨ੍ਹਾਂ ਨੂੰ ਲੱਗਾ ਕਿ ਉਹ ਮਜ਼ਾਕ ਕਰ ਰਿਹਾ ਹੈ। ਜਦੋਂ ਤੱਕ ਦੋਸਤਾਂ ਨੇ ਮਹਿਸੂਸ ਕੀਤਾ ਕਿ ਡੇਨੀ ਮੁਸੀਬਤ ਵਿਚ ਹੈ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। 

ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਗਿਆ ਸੀ। ਇਕ ਹੋਰ 27 ਸਾਲਾ ਵਿਅਕਤੀ ਜੋ ਉਸ ਦੇ ਗਰੁੱਪ ਦਾ ਮੈਂਬਰ ਨਹੀਂ ਸੀ ਉਸ ਨੇ ਡੇਨੀ ਨੂੰ ਡਾਊਨਸਟ੍ਰੀਮ ਦੇ ਹੇਠਾਂ ਡੁੱਬੇ ਹੋਏ ਦੇਖਿਆ। ਉਸ ਨੇ ਡੇਨੀ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਅਤੇ ਸੀ.ਪੀ.ਆਰ. (ਮੂੰਹ ਜ਼ਰੀਏ ਸਾਹ) ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕਿਆ। ਪੁਲਸ ਇਸ ਮਾਮਲੇ ਸਬੰਧੀ ਕੋਰੋਨਰ ਤੋਂ ਰਿਪੋਰਟ ਤਿਆਰ ਕਰ ਰਹੀ ਹੈ।

Vandana

This news is Content Editor Vandana