ਆਸਟ੍ਰੇਲੀਆ ''ਚ ਕੋਰੋਨਾ ਦੇ ਨਾਲ ਬੁਸ਼ਫਾਇਰ ਨੇ ਮਚਾਈ ਤਬਾਹੀ

02/07/2021 5:57:24 PM

ਪਰਥ (ਜਤਿੰਦਰ ਗਰੇਵਾਲ): ਪੂਰੀ ਦੁਨੀਆ ਜਿੱਥੇ ਇਸ ਵੇਲੇ ਕੋਰੋਨਾ ਨਾਲ ਲੜ ਰਹੀ ਹੈ, ਉੱਥੇ ਹੀ ਢਾਈ ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਦੇਸ਼ ਆਸਟ੍ਰੇਲੀਆ ਵੱਧਦੇ ਤਾਪਮਾਨ, ਜੰਗਲਾਂ ਵਿਚ ਲੱਗੀ ਅੱਗ ਅਤੇ ਕੋਰੋਨਾ ਕਾਰਨ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਆਸਟ੍ਰੇਲੀਆ ਵਿਖੇ ਸੂਬਾ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਤਾਲਾਬੰਦੀ ਦੌਰਾਨ ਲੱਗੀ ਬੁਸ਼ਫਾਇਰ ਨਾਲ ਹੁਣ ਤੱਕ 25 ਹਜ਼ਾਰ ਏਕੜ ਤੋਂ ਵੱਧ ਜੰਗਲ ਸੜ੍ਹ ਕੇ ਰਾਖ ਹੋ ਚੁੱਕੇ ਹਨ। 

ਪਰਥ ਤੋਂ ਪ੍ਰਾਪਤ ਰਿਪੋਰਟਾਂ ਦੇ ਮੁਤਾਬਕ ਇਸ ਅੱਗ ਕਾਰਨ 81 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਦੱਸਣਾ ਬਣਦਾ ਹੈ ਕਿ ਆਸਟ੍ਰੇਲੀਆ ਵਿਚ ਇਸ ਵੇਲੇ ਗਰਮੀ ਵੀ ਆਪਣਾ ਅਸਲੀ ਰੂਪ ਦਿਖਾ ਰਹੀ ਹੈ। ਉਂਝ ਤਾਂ ਇਨ੍ਹਾਂ ਦਿਨਾਂ ਵਿਚ ਆਸਟ੍ਰੇਲੀਆ ਅੰਦਰ ਤਾਪਮਾਨ 17 ਤੋਂ 25 ਡਿਗਰੀ ਦਰਮਿਆਨ ਰਹਿੰਦਾ ਹੈ ਪਰ ਇਸ ਵੇਲੇ ਆਸਟ੍ਰੇਲੀਆ ਵਿਚ ਪਾਰਾ 40 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ। ਵੱਧਦੇ ਪਾਰੇ ਨੇ ਇਸ ਵਾਰ ਪਿਛਲੇ 61 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਆਸਟ੍ਰੇਲੀਆ ਵਾਸੀ ਭਾਰੀ ਗਰਮੀ ਕਾਰਨ ਹਾਲੋ ਬੇਹਾਲ ਹੋ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਬਰਫੀਲੇ ਮੀਂਹ 'ਚ ਇਕੱਲਾ ਹੀ ਕਿਸਾਨ ਸੰਘਰਸ਼ ਦੇ ਹੱਕ 'ਚ ਡਟਿਆ ਗੁਲਜੀਤ ਸਿੰਘ ਬਾਵਾ

ਪੱਛਮੀ ਆਸਟ੍ਰੇਲੀਆ ਵਿੱਚ ਲਗਾਤਾਰ 5ਵੇਂ ਦਿਨ ਵੀ ਕੋਈ ਕੋਰੋਨਾ ਦਾ ਸਥਾਨਕ ਮਾਮਲਾ ਦਰਜ ਨਾ ਹੋਣ ਕਾਰਨ ਸਥਿਤੀਆਂ ਕਾਬੂ ਹੇਠ ਹਨ ਅਤੇ ਇਸ ਲਈ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਲਗਾਈ ਗਈ ਤਾਲਾਬੰਦੀ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਵੇਰੀਐਂਟ ਵਾਲੇ ਮਾਮਲੇ ਤੋਂ ਬਾਅਦ ਰਾਜ ਦੇ ਤਿੰਨ ਖੇਤਰਾਂ ਵਿੱਚ ਬੀਤੇ ਐਤਵਾਰ ਨੂੰ 5 ਦਿਨਾਂ ਲਈ ਤਾਲਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਫੇਸ ਮਾਸਕ ਆਦਿ ਦੀਆਂ ਹਦਾਇਤਾਂ 14 ਫਰਵਰੀ ਤੱਕ ਜਾਰੀ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਕੁੱਝ ਅਜਿਹੇ ਸਥਾਨਾਂ ’ਤੇ ਜਿੱਥੇ ਕਿ ਕੋਰੋਨਾ ਦਾ ਖ਼ਤਰਾ ਬਰਕਰਾਰ ਹੈ, ਲੋਕਾਂ ਦੇ ਆਵਾਗਮਨ ਦੀ ਗਿਣਤੀ ਸੀਮਿਤ ਹੀ ਰੱਖੀ ਜਾ ਰਹੀ ਹੈ। ਬਾਹਰੀ ਅਤੇ ਅੰਦਰੂਨੀ ਇਕੱਠਾਂ ਨੂੰ 20 ਵਿਅਕਤੀਆਂ ਤੱਕ ਹੀ ਸੀਮਿਤ ਕੀਤਾ ਗਿਆ ਹੈ। ਕਸੀਨੋ ਅਤੇ ਨਾਈਟ ਕਲੱਬਾਂ ਨੂੰ ਛੱਡ ਕੇ ਸਭ ਕਾਰੋਬਾਰ ਖੁੱਲ੍ਹਣਗੇ। ਕੰਮ-ਧੰਦਿਆਂ ਵਾਲੀਆਂ ਥਾਵਾਂ ’ਤੇ ਪ੍ਰਤੀ ਵਿਅਕਤੀ 4 ਵਰਗ ਮੀਟਰ ਵਾਲਾ ਨਿਯਮ ਲਾਗੂ ਰਹੇਗਾ ਅਤੇ ਆਉਣ ਜਾਉਣ ਵਾਲਿਆਂ ਦਾ ਰਿਕਾਰਡ ਰੱਖਣਾ ਵੀ ਜ਼ਰੂਰੀ ਹੈ। ਵਿਆਹ ਸ਼ਾਦੀਆਂ ਅਤੇ ਜਾਂ ਫੇਰ ਅੰਤਿਮ ਸੰਸਕਾਰਾਂ ਆਦਿ ਵਰਗੀਆਂ ਥਾਵਾਂ 'ਤੇ ਵੀ ਨਿਯਮ ਲਾਗੂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana