ਆਸਟ੍ਰੇਲੀਆ : ਮੈਲਬੌਰਨ ਦੇ ਬਲੈਕਬਰਨ ਗੁਰੂ ਘਰ ਵਿਖੇ ਸਜਾਏ ਗਏ ਦੀਵਾਨ

07/04/2019 5:44:31 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਪੰਥ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਬਲੈਕਬਰਨ ਵਿਖੇ ਸ਼ਬਦ ਗੁਰੂ ਚੇਤਨਾ ਸਮਾਗਮ ਸਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਬਾਬਾ ਦਲੇਰ ਸਿੰਘ ਖਾਲਸਾ ਨੇ ਗੁਰਬਾਣੀ ਦਾ ਮਨੋਹਰ ਕੀਤਰਨ ਕਰਦੇ ਹੋਏ ਸੰਗਤਾਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦਾ ਉਪਦੇਸ਼ ਦਿੱਤਾ।ਬਾਬਾ ਦਲੇਰ ਸਿੰਘ ਖਾਲਸਾ ਨੇ ਕਿਹਾ ਕਿ ਭਾਵੇਂ ਕਿ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਸਾਜ ਕੇ ਸਾਨੂੰ ਦੇਹਧਾਰੀ ਲੋਕਾਂ ਤੋਂ ਦੂਰ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਹੁਕਮ ਦਿੱਤਾ ਸੀ ਪਰ ਫਿਰ ਵੀ ਪੰਜਾਬ ਵਿਚ ਦੇਹਧਾਰੀ ਆਪੇ ਬਣੇ ਗੁਰੂਆਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਪਿੱਛੇ ਲਗਾ ਕੇ ਆਪਣਾ ਜਾਲ ਵਛਾਇਆ ਜਾ ਰਿਹਾ ਹੈ, ਜਿਸ ਵਿਚ ਅਣਖੀ ਕੌਮ ਦੇ ਲੋਕ ਫੱਸਦੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਇਨ੍ਹਾਂ ਦੇਹਧਾਰੀ ਗੁਰੂਆਂ ਕਾਰਨ ਹੀ ਪੰਜਾਬ ਵਿਚ ਡੇਰਾਵਾਦ ਦਾ ਬੋਲਬਾਲਾ ਵਧਿਆ ਹੈ।ਬਾਬਾ ਦਲੇਰ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਧਰਮ ਤਾਂ ਦੁਨੀਆ ਦਾ ਇਕ ਨਿਵੇਕਲਾ ਧਰਮ ਹੈ, ਜਿਸ ਤੋਂ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਮਿਲਦਾ ਹੈ। ਬਾਬਾ ਦਲੇਰ ਸਿੰਘ ਜੀ ਖਾਲਸਾ ਨੇ ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਦਾ ਉਪਦੇਸ਼ ਦਿੰਦੇ ਹੋਏ ਕਿਹਾ ਕਿ ਦੁਨੀਆ ਦੇ ਭਵ ਸਾਗਰ ਨੂੰ ਪਾਰ ਕਰਨ ਲਈ ਗੁਰਬਾਣੀ ਹੀ ਮਨੁੱਖ ਲਈ ਸਭ ਤੋਂ ਸੌਖਾਲਾ ਤਰੀਕਾ ਹੈ।

ਉਨ੍ਹਾਂ ਕਿਹਾ ਕਿ ਨੌਜਵਾਨ ਜਿਸ ਜਗ੍ਹਾ ਵੀ ਅੰਮ੍ਰਿਤ ਸੰਚਾਰ ਹੋਵੇ ਉਥੇ ਪਹੁੰਚ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਤਾਂ ਜੋ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਇਸ ਅਨਮੋਲ ਦਾਤ ਦਾ ਨਿੱਘ ਮਾਨਿਆ ਜਾ ਸਕੇ।ਬਾਬਾ ਜੀ ਨੇ ਕਿਹਾ ਕਿ ਭਾਵੇਂ ਕਿ ਸਾਡੇ ਬਹੁਤ ਸਾਰੇ ਪ੍ਰਚਾਰਕ ਬਾਣੀ ਅਤੇ ਬਾਣੇ ਦੇ ਪਸਾਰ ਤੇ ਪ੍ਰਚਾਰ ਹਿੱਤ ਲਗਾਤਾਰ ਕੰਮ ਤੇ ਯਤਨ ਕਰ ਰਹੇ ਹਨ ਪਰ ਹਾਲੇ ਵੀ ਵੱਡੇ ਪੱਧਰ ਤੇ ਇਨ੍ਹਾਂ ਯਤਨਾਂ ਨੂੰ ਹੋਰ ਉਤਾਂਹ ਚੁੱਕਣ ਦੀ ਲੋੜ ਹੈ ਤਾਂ ਜੋ ਸਿੱਖੀ ਦੀ ਚੜ੍ਹਦੀ ਕਲਾ ਹੋਰ ਵਧੇਰੇ ਹੋ ਸਕੇ।ਇਸ ਮੌਕੇ ਦਵਿੰਦਰ ਸਿੰਘ ਫੌਜੀ, ਹਰਪ੍ਰੀਤ ਸਿੰਘ, ਜੋਗਾ ਸਿੰਘ, ਮਨਵਿੰਦਰ ਸਿੰਘ, ਅਵਤਾਰ ਸਿੰਘ, ਗੁਰਮੁੱਖ ਸਿੰਘ, ਬਾਬਾ ਗਰਚਾ ਸਿੰਘ, ਹਰਦੀਪ ਸਿੰਘ, ਗੁਰਜੀਤ ਸਿੰਘ, ਅਮਰਵੀਰ ਸਿੰਘ, ਗੁਰਚਰਨ ਸਿੰਘ, ਗੁਰਮੀਤ ਸਿੰਘ ਢਿਲੋਂ ਆਦਿ ਹਾਜ਼ਰ ਸਨ।


Vandana

Content Editor

Related News