ਆਸਟ੍ਰੇਲੀਆ : ਨਾਵਲਕਾਰ ਅਜੀਤ ਰਾਹੀ ਨੂੰ ਗਹਿਰਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

12/23/2019 4:00:00 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਪੰਜਾਬੀ ਸਾਹਿਤ ਦੀ ਨਾਮਵਰ ਹਸਤੀ ਅਜੀਤ ਰਾਹੀ ਜੋ ਕਿ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਦੇ ਬਸ਼ਿੰਦੇ ਹਨ। ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਨਿਰਵੈਰ ਕੌਰ ਜੋ ਕਿ ਪਿਛਲੇ ਦਿਨੀਂ ਅਚਾਨਕ ਡਿੱਗਣ ਕਾਰਨ ਸਖ਼ਤ ਜਖਮੀ ਹੋ ਗਏ ਸਨ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸਥਾਨਿਕ ਹਸਪਤਾਲ ਵਿੱਚ ਸੁਆਸ ਤਿਆਗ ਗਏ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਕਰੀਬੀ ਰਿਸ਼ਤੇਦਾਰ ਅਤੇ ਆਸਟ੍ਰੇਲੀਆ ਦੀਆਂ ਸਮਾਜਿਕ ਅਤੇ ਸਾਹਿਤਕ ਹਸਤੀਆਂ ਹਾਜ਼ਰ ਹੋਈਆਂ। 

ਲਗਭਗ ਚਾਰ ਦਰਜਨ ਪੁਸਤਕਾਂ ਦੇ ਰਚੇਤਾ ਅਜੀਤ ਰਾਹੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਸੋਨਾ ਦੇ ਵਸਨੀਕ ਹਨ। ਸੱਠਵਿਆਂ ਵਿੱਚ ਉੱਠੀ ਨਕਸਲਬਾੜੀ ਲਹਿਰ ਦੇ ਉਹ ਮੋਹਰੀ ਆਗੂਆਂ ਵਿੱਚ ਸਨ। ਪੁਲਸ ਵੱਲੋਂ ਗ੍ਰਿਫ਼ਤਾਰ ਹੋਣ 'ਤੇ ਉਨ੍ਹਾਂ 'ਤੇ ਬਹੁਤ ਤਸ਼ਦੱਦ ਹੋਇਆ ਅਤੇ ਉਸ ਸਮੇਂ ਉਨ੍ਹਾਂ ਦੀ ਪਤਨੀ ਅਤੇ ਤਿੰਨੇ ਬੱਚੇ ਜੋ ਕਿ ਬਹੁਤ ਨਿੱਕੇ ਸਨ, ਉਹ ਵੀ ਬਹੁਤ ਕਠਿਨ ਹਾਲਤਾਂ ਵਿੱਚ ਦੀ ਲੰਘੇ ਸਨ। ਵਿਆਹ ਤੋਂ ਲੈ ਕੇ ਆਸਟ੍ਰੇਲੀਆ ਵਿੱਚ ਮੁੱਢਲੇ ਸਾਲਾਂ ਦੇ ਸੰਘਰਸ਼ ਦੌਰਾਨ ਉਨ੍ਹਾਂ ਦੀ ਸੰਗਨੀ ਸ੍ਰੀਮਤੀ ਨਿਰਵੈਰ ਕੌਰ ਨੇ ਵੀ ਪੂਰੀ ਤਨਦੇਹੀ ਨਾਲ ਅਜੀਤ ਰਾਹੀ ਨਾਲ ਖੜ੍ਹੇ ਰਹਿਣ ਦਾ ਅਹਿਦ ਪਾਲਿਆ ਸੀ। 78 ਸਾਲ ਦੀ ਉਮਰ ਵਿੱਚ ਪੂਰੇ ਹੋਣ ਵਾਲੇ ਸ੍ਰੀਮਤੀ ਨਿਰਵੈਰ ਕੌਰ ਜੀ ਪਿੱਛੇ ਤਿੰਨ ਬੱਚੇ ਰਾਜਪਾਲ ਸਿੰਘ, ਰਾਜਬੀਰ ਸਿੰਘ ਅਤੇ ਲਵਲੀਨ ਕੌਰ ਛੱਡ ਗਏ ਹਨ। 

ਇਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਇਪਸਾ ਦੇ ਸਕੱਤਰ ਅਤੇ ਨਾਮੀ ਸ਼ਾਇਰ ਸਰਬਜੀਤ ਸੋਹੀ ਨੇ ਕਿਹਾ ਕਿ ਅਜੀਤ ਰਾਹੀ ਹੁਰਾਂ ਲਈ ਉਮਰ ਦੇ ਇਸ ਪੜਾਅ ਤੇ ਪਤਨੀ ਦਾ ਸੰਗ ਛੁੱਟ ਜਾਣਾ ਬਹੁਤ ਹੀ ਦੁਖਦਾਈ ਘਟਨਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪੰਜਾਬੀ ਸਮਾਜਿਕ ਹਸਤੀਆਂ ਨੇ ਆਪਣੇ ਸ਼ੌਕ ਸੰਦੇਸ਼ ਭੇਜਦਿਆਂ ਅਜੀਤ ਰਾਹੀ ਨਾਲ ਦੁੱਖ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਅਜੀਤ ਰਾਹੀ ਨੂੰ ਜ਼ਬਰਦਸਤ ਦਿਲ ਦਾ ਦੌਰਾ ਪਿਆ ਸੀ, ਉਨ੍ਹਾਂ ਨੂੰ ਹਸਪਤਾਲ ਦਾਖਲ ਰਹਿਣਾ ਪਿਆ ਸੀ ਅਤੇ ਉਹ ਹੁਣ ਪੇਸ ਮੇਕਰ ਨਾਲ ਜੀਵਨ ਦਾ ਸਫ਼ਰ ਪੂਰਾ ਕਰ ਰਹੇ ਹਨ।
 

Vandana

This news is Content Editor Vandana