ਮੈਲਬੌਰਨ ''ਚ ਹੋਣਗੀਆਂ 32 ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ

03/21/2019 11:24:21 AM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱਧਰ 'ਤੇ ਆਯੋਜਿਤ ਹੋਣ ਵਾਲੀਆਂ 32 ਵੀਆਂ ਸਾਲਾਨਾ ਸਿੱਖ ਖੇਡਾਂ 19 ਅ੍ਰਪੈਲ ਤੋਂ 21 ਅਪ੍ਰੈਲ ਤੱਕ ਮੈਲਬੌਰਨ ਸ਼ਹਿਰ ਦੇ ਦੱਖਣ-ਪੂਰਬੀ ਪਾਸੇ ਸਥਿਤ ਕਰੇਨਬਰਨ ਇਲਾਕੇ ਦੇ ਕੇਸੀ ਸਟੇਡੀਅਮ ਵਿਚ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਇਸ ਖੇਡ ਮੇਲੇ ਵਿਚ ਕਬੱਡੀ, ਫੁੱਟਬਾਲ,ਹਾਕੀ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਟੈਨਿਸ, ਬੈਡਮਿੰਟਨ ਦੇ ਮੁਕਾਬਲੇ ਕਰਵਾਏ ਜਾਣਗੇ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮਹਾਕੁੰਭ ਵਿਚ ਤਕਰੀਬਨ 3500 ਖਿਡਾਰੀ ਹਿੱਸਾ ਲੈ ਰਹੇ ਹਨ। 

19-20 ਅਪ੍ਰੈਲ ਨੂੰ ਹੋਣ ਵਾਲੀ ਸੱਭਿਆਚਾਰਕ ਸ਼ਾਮ ਵਿਚ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱਖ ਫੋਰਮ ਵਿਚ ਪੰਜਾਬੀ ਭਾਈਚਾਰੇ ਦੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ, ਆਸਟ੍ਰੇਲੀਆ ਦੇ ਸੂਬਾਈ ਅਤੇ ਕੌਮੀ ਪੱਧਰ ਤੇ ਪੰਜਾਬੀਆਂ ਦੀ ਉਸਾਰੂ ਪ੍ਰਤੀਨਿਧਤਾ ਕਰਨ ਸਮੇਤ ਕਈ ਮੁੱਦੇ ਵਿਚਾਰੇ ਜਾਣਗੇ।ਇਸ ਮੌਕੇ ਪੁਸਤਕ ਪ੍ਰਦਰਸ਼ਨੀ, ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਵਿਰਾਸਤੀ ਵਸਤਾਂ ਦੀ ਨੁਮਾਇਸ਼ ਵੀ ਲੋਕ ਖਿੱਚ ਦਾ ਕੇਂਦਰ ਹੋਵੇਗੀ। ਉੱਘੇ ਚਿੱਤਰਕਾਰ ਗੁਰਪ੍ਰੀਤ ਬਠਿੰਡਾ ਅਤੇ ਆਸਟ੍ਰੇਲੀਆਈ ਚਿੱਤਰਕਾਰ ਡੈਨੀਅਲ ਕੋਨਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸੁਨਹਿਰੀ ਕਾਲ ਨੂੰ ਚਿੱਤਰਾਂ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ।ਈਸਟਰ ਦੀਆਂ ਛੁੱਟੀਆਂ ਹੋਣ ਕਾਰਨ ਇਸ ਖੇਡ ਮੇਲੇ ਵਿਚ ਵੱਖ-ਵੱਖ ਸ਼ਹਿਰਾਂ ਤੋਂ 1 ਲੱਖ ਦੇ ਕਰੀਬ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਸਿੱਖ ਖੇਡਾਂ ਵਿਚ ਪਹਿਲੀ ਵਾਰ 'ਮਸ਼ਾਲ' ਜਗਾਈ ਜਾਵੇਗੀ। ਉਲੰਪਿਕ ਖੇਡਾਂ ਦੌਰਾਨ ਜਗਾਈ ਜਾਂਦੀ 'ਮਸ਼ਾਲ' ਦੀ ਤਰਜ਼ ਤੇ ਆਸਟ੍ਰੇਲੀਆਈ ਸਿੱਖ ਖੇਡਾਂ ਵਿਚ ਹਰ ਸਾਲ ਮਸ਼ਾਲ ਜਗਾ ਕੇ ਖੇਡ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ।32 ਵੀਆਂ ਸਿੱਖ ਖੇਡਾਂ ਦੀ ਮਸ਼ਾਲ ਦੀ ਸ਼ੁਰੂਆਤ 16 ਮਾਰਚ ਨੂੰ ਪੱਛਮੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਪਰਥ ਦੇ ਅਡੀਨੀਆ ਪਾਰਕ ਵਿਚ ਬਣੇ ਹੋਏ ਸਿੱਖ ਹੈਰੀਟੇਜ ਟ੍ਰੈੱਲ ਤੋਂ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਫੈਡਰਲ ਲਿਬਰਲ ਦੇ ਸੰਸਦ ਮੈਂਬਰ ਬੈਨ ਮਾਰਟਨ, ਜੈਂਡਾਕੋਟ ਹਲਕੇ ਦੇ ਐੱਮ.ਐੱਲ.ਏ. ਜ਼ੈਜ਼ ਮੁਬਾਰਕਜਈ, ਸਿੱਖ ਖੇਡਾਂ ਦੇ ਕੌਮੀ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਇਸ ਤੋਂ ਇਲਾਵਾ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਗੁਰੂਦੁਆਰਾ ਬੈਨਿਟ ਸਪਰਿੰਗ ਦੀ ਪ੍ਰਬੰਧਕ ਕਮੇਟੀ, ਆਸਟ੍ਰੇਲੀਅਨ ਸਿੱਖ ਹੈਰੀਟੇਜ਼ ਐਸੋਸੀਏਸ਼ਨ, ਪੰਜਾਬੀ ਪਰਥ ਅੇਸੋਸੀਏਸ਼ਨ, ਵਿਰਸਾ ਕਲੱਬ, ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਸਿੱਖ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਸ 'ਮਸ਼ਾਲ' ਨੂੰ ਸ਼ੁਰੂ ਕਰਨ ਦਾ ਉਦੇਸ਼ ਆਸਟ੍ਰੇਲੀਆ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਸਿੱਖ ਖੇਡਾਂ ਦੇ ਨਾਲ ਜੋੜਨਾ ਅਤੇ ਨਵੀਂ ਪੀੜੀ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ।ਜ਼ਿਕਰਯੋਗ ਹੈ ਕਿ ਤਕਰੀਬਨ 32 ਵਰੇਂ ਪਹਿਲਾਂ ਐਡੀਲੇਡ ਵਿਚ ਸ਼ੁਰੂ ਹੋਈਆਂ ਸਿੱਖ ਖੇਡਾਂ ਵਿਚ ਸਿੱਖ ਵਿਰਾਸਤ ਅਤੇ ਸਿੱਖ ਭਾਈਚਾਰੇ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਵਿਚ ਸਾਲ ਦਰ ਸਾਲ ਇਜ਼ਾਫਾ ਹੋ ਰਿਹਾ ਹੈ।ਇਹ ਮਸ਼ਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਲੰਘਦੀ ਹੋਈ 19 ਅਪ੍ਰੈਲ ਨੂੰ ਮੈਲਬੌਰਨ ਪਹੁੰਚੇਗੀ ਅਤੇ ਖੇਡਾਂ ਦਾ ਸ਼ੁੱਭ-ਆਰੰਭ ਕੀਤਾ ਜਾਵੇਗਾ।

Vandana

This news is Content Editor Vandana