ਆਸਟ੍ਰੇਲੀਆ : 23ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ

06/12/2019 5:35:02 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਗ੍ਰਿਫਿਥ ਸ਼ਹਿਰ ਵਿਖੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਸਮੂਹ ਸਾਧ ਸੰਗਤ ਵਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ 23ਵਾਂ ਸਲਾਨਾ ਸ਼ਹੀਦੀ ਖੇਡ ਮੇਲਾ ਐਤਵਾਰ ਨੂੰ ਸਫਲਤਾ ਪੂਰਵਕ ਸਮਾਪਤ ਹੋ ਗਿਆ।ਲਗਾਤਾਰ ਦੋ ਦਿਨ ਤੱਕ ਚੱਲੇ ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦਰਸ਼ਕਾਂ ਨੇ ਹਿੱਸਾ ਲਿਆ।

ਇਸ ਖੇਡ ਮੇਲੇ ਦੌਰਾਨ ਕਰਵਾਏ ਗਏ ਸਾਰੇ ਹੀ ਮੁਕਾਬਲੇ ਦਿਲਚਸਪ ਹੋ ਨਿਬੜੇ। ਕਬੱਡੀ ਫਾਈਨਲ ਵਿੱਚ ਮੈਲਬੌਰਨ ਖੇਡ ਅਕਾਦਮੀ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜੇਤੂ ਸਥਾਨ ਹਾਸਲ ਕੀਤਾ।ਪ੍ਰਾਪਤ ਹੋਏ ਖੇਡ ਨਤੀਜ਼ਿਆਂ ਮੁਤਾਬਿਕ ਫੁੱਟਬਾਲ ਪ੍ਰੀਮੀਅਰ ਸ਼੍ਰੇਣੀ ਵਿੱਚ ਦਸ਼ਮੇਸ਼ ਕਲੱਬ ਨੇ ਸਿੰਘ ਸਭਾ ਕਲੱਬ ਨੂੰ ਹਰਾ ਕੇ ਬਾਜ਼ੀ ਮਾਰੀ।ਫੁੱਟਬਾਲ ਡਿਵੀਜ਼ਨ 1 ਖਾਲਸਾ ਲਾਇਨਜ਼ ਜੇਤੂ ਅਤੇ ਪੰਜਾਬੀ ਸਪੋਰਟਸ ਕਲੱਬ ਸ਼ੈਪਰਟਨ ਉੱਪ ਜੇਤੂ ਰਹੇ।ਰੱਸਾਕਸ਼ੀ ਵਿੱਚ ਦੇਸੀ ਵਾਰੀਅਰਜ਼ ਕਲੱਬ ਨੇ ਚੌਧਰੀ ਗਰੁੱਪ ਨੂੰ ਹਰਾਇਆ।ਔਰਤਾਂ ਲਈ 'ਮਿਊਜ਼ੀਕਲ ਚੇਅਰ' ਅਤੇ ਚਾਟੀ ਦੌੜ ਮੁਕਾਬਲੇ ਵੀ ਦਿਲਚਸਪ ਹੋ ਨਿਬੜੇ।

ਕੌਮੀ ਅਵਾਜ਼ ਰੇਡੀਓ ਮੈਲਬੌਰਨ ਵੱਲੋਂ ਗੁਰੂਦੁਆਰਾ ਸਾਹਿਬ ਗ੍ਰਿਫਿਥ ਦੇ ਸਹਿਯੋਗ ਨਾਲ ਗ੍ਰਿਫਿਥ ਖੇਡਾਂ ਦੇ ਮੋਢੀ ਭਾਈ ਰਣਜੀਤ ਸਿੰਘ ਸ਼ੇਰਗਿੱਲ ਦੀ ਇਸ ਵਰ੍ਹੇ ਹੋਈ ਬੇਵਕਤੀ ਨੂੰ ਸਮਰਪਿਤ ਸਵਾਲ ਜੁਆਬ ਮੁਕਾਬਲਾ ਕਰਵਾਇਆ ਗਿਆ ਜੋ ਕਿ ਪੰਜਾਬ, ਸਿੱਖ ਇਤਿਹਾਸ, ਪੰਜਾਬੀ ਬੋਲੀ 'ਤੇ ਆਧਾਰਿਤ ਸੀ।ਖਾਲਸਾਈ ਸ਼ਾਨ ਦਾ ਪ੍ਰਤੀਕ ਗਤਕਾ, 1984 ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਤਸਵੀਰ ਪ੍ਰਦਰਸ਼ਨੀ ਅਤੇ ਦਸਤਾਰ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ ਵੱਲੋਂ ਕੁਲਜੀਤ ਸਿੰਘ ਖੋਸਾ ਅਤੇ ਸਾਥੀਆਂ ਵੱਲੋਂ ਲਗਾਈ ਗਈ ਕਿਤਾਬ ਪ੍ਰਦਰਸ਼ਨੀ 'ਤੇ ਸਾਹਿਤ ਪ੍ਰੇਮੀਆਂ ਨੇ ਵਿਸ਼ੇਸ਼ ਰੁਚੀ ਵਿਖਾਈ।

ਸ਼ਨੀਵਾਰ ਨੂੰ ਸਥਾਨਕ ਗੁਰੂ ਘਰ ਵਿੱਚ ਸਜਾਏ ਗਏ ਵਿਸ਼ੇਸ਼ ਦੀਵਾਨਾਂ ਦੌਰਾਨ ਕੀਰਤਨੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਪੰਜਾਬ ਤੋਂ ਆਏ ਸਿੱਖ ਵਿਦਵਾਨ ਅਜਮੇਰ ਸਿੰਘ ਨੇ ਵੀ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰੀ। ਦੋਵੇਂ ਦਿਨ ਗ੍ਰਿਫਿਥ ਦੀ ਸਮੂਹ ਸੰਗਤ ਅਤੇ ਖਾਲਸਾ ਛਾਉਣੀ ਮੈਲਬੋਰਨ ਵਲੋਂ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।ਪ੍ਰਬੰਧਕਾਂ ਨੇ ਇਸ ਮੌਕੇ ਹਾਜ਼ਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕ ਕਮੇਟੀ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਨਿੱੱਘੀ ਧੁੱੱਪ ਵਿੱੱਚ ਮਹਿਕਾਂ ਵੰਡਦਾ ਇਹ ਸ਼ਹੀਦੀ ਮੇਲਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਫਲਤਾ ਪੂਰਵਕ ਸਮਾਪਤ ਹੋਇਆ।


Vandana

Content Editor

Related News