ਆਸਟ੍ਰੇਲੀਆ : 13 ਸਾਲਾ ਲੜਕੀ ਹੋਈ ਹਾਦਸੇ ਦੀ ਸ਼ਿਕਾਰ, ਹਾਲਤ ਗੰਭੀਰ

10/17/2018 1:37:43 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਇਕ 13 ਸਾਲਾ ਲੜਕੀ ਘੁੜਸਵਾਰੀ ਕਰਨ ਦੌਰਾਨ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਲੜਕੀ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਅਸਲ ਵਿਚ 'ਫ੍ਰੇਕ' ਘੁੜਸਵਾਰੀ ਦੌਰਾਨ ਲੜਕੀ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਗੋਲਡ ਕੋਸਟ ਯੂਨੀਵਰਸਿਟੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਨਿਊ ਸਾਉਥ ਵੇਲਜ਼ ਦੇ ਉੱਤਰ-ਪੂਰਬ ਦੇ ਗਲੇਨਰੈਗ ਦੀ 13 ਸਾਲਾ ਲੌਰੇਨ ਗ੍ਰੋਕੌਟ ਨੂੰ ਠੀਕ ਹੋਣ ਵਿਚ ਕਈ ਮਹੀਨੇ ਲੱਗ ਸਕਦੇ ਹਨ। ਲੌਰੇਨ ਨੂੰ ਘੁੜਸਵਾਰੀ ਪਸੰਦ ਸੀ। ਦੋ ਹਫਤੇ ਪਹਿਲਾਂ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਲੌਰੇਨ ਆਪਣੀ ਮਾਂ ਅਤੇ ਦੋਸਤਾਂ ਨਾਲ ਡੋਰਿਗੋ ਸ਼ੋਅਗ੍ਰਾਊਂਡ ਵਿਚ ਇਕ ਪੋਨੀ ਕੈਂਪ ਵਿਚ ਸੀ। 

ਲੌਰੇਨ ਦੀ ਮਾਂ ਲੀਏਨ ਗ੍ਰੋਕੌਟ ਨੇ ਦੱਸਿਆ,''ਘੋੜਾ ਤਿਲਕ ਗਿਆ ਸੀ। ਇਹ ਇਕ ਖਤਰਨਾਕ ਹਾਦਸਾ ਸੀ। ਲੌਰੇਨ ਜ਼ਮੀਨ 'ਤੇ ਡਿੱਗੀ। ਮੈਂ ਇਹ ਸਭ ਕੁਝ ਥੋੜ੍ਹੀ ਦੂਰੀ ਤੋਂ ਦੇਖਿਆ।'' ਲੀਏਨ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਸੱਟਾਂ ਲੱਗਣ ਕਾਰਨ ਉਸ ਦੇ ਸਿਰ ਤੋਂ ਖੂਨ ਵੱਗ ਰਿਹਾ ਸੀ। ਲੌਰੇਨ ਨੂੰ ਤੁਰੰਤ ਵੈਸਟਪੈਕ ਹੈਲੀਕਾਪਟਰ ਜ਼ਰੀਏ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਬੱਚਿਆਂ ਦੀ ਐਮਰਜੈਂਸੀ ਦੇਖਭਾਲ ਇਕਾਈ ਵਿਚ ਦਾਖਲ ਕਰਵਾਇਆ ਗਿਆ। ਲੀਏਨ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਉਸ ਦੀ ਬੇਟੀ ਨੇ ਸੁਧਾਰ ਦੇ ਥੋੜ੍ਹੇ ਜਿਹੇ ਸੰਕੇਤ ਦਿਖਾਏ ਸਨ। ਉਹ ਥੋੜ੍ਹਾ ਬਹੁਤ ਬੋਲ ਰਹੀ ਸੀ ਪਰ ਉਸ ਦੇ ਸ਼ਬਦ ਸਪੱਸ਼ਟ ਨਹੀਂ ਸਨ।

ਡਾਕਟਰਾਂ ਮੁਤਾਬਕ ਉਸ ਨੂੰ ਸੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਦਿਮਾਗ ਦੇ ਜਲਦੀ ਠੀਕ ਹੋਣ ਦੀ ਸੰਭਾਵਨਾ ਬਣਦੀ ਹੈ। ਡਾਕਟਰ ਹੁਣ ਲੌਰੇਨ ਨੂੰ ਵੈਸਟਮੀਡ, ਸਿਡਨੀ ਜਾਂ ਨਿਊਕੈਸਲ ਵਿਚ ਜੌਨ ਹੰਟਰ ਹਸਪਤਾਲ ਵਿਚ ਟਰਾਂਸਫਰ ਕਰਨ ਦੀ ਤਿਆਰੀ ਕਰ ਰਹੇ ਹਨ, ਜਿੱਥੇ ਉਸ ਦਾ ਅੱਗੇ ਦਾ ਇਲਾਜ ਕੀਤਾ ਜਾਵੇਗਾ। ਲੀਏਨ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਫਾਈਟਰ ਹੈ। ਉਹ ਵਧੀਆ ਮੁਕਾਬਲੇਬਾਜ਼ ਅਤੇ ਦ੍ਰਿੜ੍ਹ ਇਰਾਦੇ ਵਾਲੀ ਹੈ। ਉਹ ਮਜ਼ਾਕੀਆ ਸੁਭਾਅ ਦੀ ਅਤੇ ਬਹੁਤ ਪਿਆਰੀ ਲੜਕੀ ਹੈ। ਉਸ ਨੂੰ ਘੁੜਸਵਾਰੀ ਦਾ ਸ਼ੌਂਕ ਹੈ। ਲੌਰੇਨ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਘੁੜਸਵਾਰੀ ਕੀਤੀ ਹੈ। ਉਹ ਅਜਿਹਾ ਹਰ ਹਫਤੇ ਦੇ ਅਖੀਰ ਵਿਚ ਕਰਦੀ ਹੈ। 

ਲੌਰੇਨ ਦੇ ਪਰਿਵਾਰ ਨੂੰ ਮਹੀਨਿਆਂ ਤੱਕ ਆਪਣੇ ਗਲੇਨਰੇਗ ਫਾਰਮ ਤੋਂ ਦੂਰ ਰਹਿਣ ਦੀ ਉਮੀਦ ਹੈ। ਉਨ੍ਹਾਂ ਦੇ ਦੋਸਤਾਂ ਅਤੇ ਸਥਾਨਕ ਭਾਈਚਾਰੇ ਨੇ ਉਨ੍ਹਾਂ ਦੇ ਜੀਵਨ ਅਤੇ ਮੈਡੀਕਲ ਖਰਚਿਆਂ ਲਈ ਧਨ ਇਕੱਠਾ ਕਰਨ ਲਈ ਇਕ ਆਨਲਾਈਨ ਫੰਡਰਾਈਜ਼ਰ ਦੀ ਸਥਾਪਨਾ ਕੀਤੀ ਹੈ। ਗਲੇਨਰੇਗ ਅਤੇ ਕੌਫਸ ਹਾਰਬਰ ਪੋਨੀ ਕਲੱਬ ਨੇ ਵੀ ਫੰਡ ਇਕੱਠਾ ਕਰਨ ਲਈ ਸ਼ੁੱਕਰਵਾਰ ਨੂੰ ਇਕ ਸਮਾਗਮ ਦਾ ਆਯੋਜਨ ਕੀਤਾ ਹੈ। ਲੀਏਨ ਨੇ ਇਸ ਮਦਦ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।