ਆਸਟਰੇਲੀਆ ਵਿਚ ਪੰਜਾਬੀਆਂ ਨੇ ਕਬੱਡੀ ਲਈ 50 ਲੱਖ ਦੇ ਕਿਰਾਏ ਉੱਤੇ ਲਿਆ 1 ਦਿਨ ਲਈ ਸਟੇਡੀਅਮ

04/19/2018 2:07:28 PM

ਮੈਲਬੌਰਨ, (ਰਮਨ/ਮਨਦੀਪ)- ਪਨਵਿਕ ਗਰੁੱਪ ਵਲੋਂ 22 ਅਪ੍ਰੈਲ ਨੂੰ ਮੈਲਬੌਰਨ ਵਿਖੇ ਕਰਵਾਏ ਜਾ ਰਹੇ ਵਰਲਡ ਕਬੱਡੀ ਕੱਪ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਮੈਲਬੌਰਨ ਦੇ ਲੇਕਸਾਈਡ ਸਟੇਡੀਅਮ ਵਿਚ ਇਹ ਕੱਪ ਕਰਵਾਇਆ ਜਾ ਰਿਹਾ ਹੈ, ਜਿਸਨੂੰ ਪਨਵਿਕ ਗਰੁੱਪ ਨੇ 50 ਲੱਖ (ਇੱਕ ਲੱਖ ਆਸਟਰੇਲ਼ੀਅਨ ਡਾਲਰ) ‘ਚ ਇੱਕ ਦਿਨ ਲਈ ਲੀਜ ਉੱਤੇ ਲਿਆ ਹੈ। 8 ਮੁਲਕਾਂ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ, ਈਰਾਨ, ਨਿਊਜ਼ੀਲੈਂਡ ਤੇ ਆਸਟਰੇਲੀਆ ਦੀਆਂ ਟੀਮਾਂ ਇਸ ਵਿੱਚ ਹਿੱਸਾ ਲੈ ਰਹੀਆਂ ਹਨ। ਵੀਰਵਾਰ ਤੋਂ ਟੀਮਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਟੂਰਨਾਮੈਂਟ ਵਿਚ ਆਸਟਰੇਲੀਆ ਦੇ ਡਿਪਟੀ ਪੀ.ਐਮ. ਮਾਈਕਲ ਮਕਾਰਮਕ ਸਮੇਤ ਹਰਿਆਣਾ ਤੋਂ ਚੌਧਰੀ ਅਭੈ ਸਿੰਘ ਚੌਟਾਲਾ ਵੀ ਉਚੇਚੇ ਤੌਰ ਉੱਤੇ ਪਹੁੰਚ ਰਹੇ ਹਨ।

ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਚੇਅਰਮੈਨ ਕੁਲਦੀਪ ਬਾਸੀ ਤੇ ਡਾਇਰੈਕਟਰ ਰੁਪਿੰਦਰ ਸਿੰਘ ਬਰਾੜ ਨੇ ਫਾਈਨਲ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਸਟੇਡੀਅਮ ਵਿਚ ਤਕਰੀਬਨ 7 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਦੋਂ ਕਿ ਪਰਿਵਾਰਾਂ ਲਈ ਵੱਖਰੀ ਜਗ੍ਹਾ ਰੱਖੀ ਗਈ ਹੈ। ਮੈਚ ਦੀ ਕੁਮੈਂਟਰੀ ਕਰਨ ਲਈ ਭਾਰਤ ਤੋਂ ਮੱਖਣ ਅਲੀ ਅਤੇ ਅਮਰੀਕਾ ਤੋਂ ਰੰਡਿਆਲਾ ਐਮ ਜੀ ਆਰ ਸਮੇਤ ਕੁੱਲ 7 ਕਮੈਂਟਰ ਬੁਲਾਏ ਗਏ ਹਨ। ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਜੈਜੀ ਬੈਂਸ ਤੇ ਮਿਸ ਪੂਜਾ ਲਾਈਵ ਪ੍ਰੋਗਰਾਮ ਕਰਨਗੇ।

ਜਗ ਬਾਣੀ ਸਮੇਤ ਵੱਖ-ਵੱਖ ਵੈਬ ਪੋਰਟਲ ਕਬੱਡੀ ਕੱਪ ਦਾ ਸਿੱਧਾ ਪ੍ਰਸਾਰਣ ਵੀ ਕਰਨਗੇ। ਕਬੱਡੀ ਕੱਪ ਦੇ ਸਕੱਤਰ ਹਰਦੀਪ ਸਿੰਘ ਬਾਸੀ ਮੁਤਾਬਕ ਇਸ ਇੱਕ ਦਿਨਾਂ ਕਬੱਡੀ ਕੱਪ ਉੱਤੇ ਕਰੀਬ ਪੰਜ ਲੱਖ ਡਾਲਰ ਦਾ ਖਰਚਾ ਆਵੇਗਾ ਜਿਸ ਨੂੰ ਸਪਾਂਸਰਜ ਦੇ ਸਹਿਯੋਗ ਨਾਲ ਪਨਵਿਕ ਗਰੁੱਪ ਵੱਲੋਂ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਮੁਲਕਾਂ ਦੀਆਂ ਟੀਮਾਂ ਦੇ ਆਉਣ ਜਾਣ ਤੇ ਰਹਿਣ ਸਹਿਣ ਦਾ ਖਰਚਾ ਪਨਵਿਕ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਗ ਲੈਣ ਵਾਲੀ ਹਰ ਟੀਮ ਨੂੰ ਚਾਰ ਹਜ਼ਾਰ ਡਾਲਰ ਵੱਖ ਦਿੱਤੇ ਜਾਣਗੇ, ਜਦੋਂ ਕਿ ਮੁਕਾਬਲੇ ਵਿਚ ਪਹਿਲੇ ਸਥਾਨ ਵਾਲੀ ਟੀਮ ਨੂੰ 21 ਹਜ਼ਾਰ ਡਾਲਰ ਦੂਸਰੇ ਨੂੰ 15 ਹਜ਼ਾਰ, ਬੈਸਟ ਜਾਫੀ ਤੇ ਰੇਡਰ ਨੂੰ 1500 ਡਾਲਰ ਦਾ ਇਨਾਮ ਵੀ ਦਿੱਤਾ ਜਾਵੇਗਾ।

ਕਬੱਡੀ ਕੱਪ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਵੱਖ-ਵੱਖ ਮੁਲਕਾਂ ਵਿਚੋਂ ਟੀਮਾਂ ਦੀ ਚੋਣ ਦੀ ਜ਼ਿੰਮੇਵਾਰੀ ਸਥਾਨਕ ਫੈਡਰੇਸ਼ਨਾਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਨੂੰ ਸਾਰੀਆਂ ਹਦਾਇਤਾਂ ਬਾਰੇ ਪਹਿਲਾਂ ਹੀ ਤਫਸੀਲ ਕਰ ਦਿੱਤਾ ਗਿਆ ਸੀ। ਪਨਵਿਕ ਗਰੁੱਪ ਦਾ ਕਹਿਣਾ ਹੈ ਕਿ ਇਸ ਕਬੱਡੀ ਕੱਪ ਨੂੰ ਕਰਵਾਉਣ ਪਿੱਛੇ ਉਨ੍ਹਾਂ ਦਾ ਮਕਸਦ ਮਾਂ ਖੇਡ ਕਬੱਡੀ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਮੋਟ ਕਰਨਾ ਹੈ, ਜਿਸ ਨਾਲ ਨਵੀਂ ਪੀੜ੍ਹੀ ਖੇਡਾਂ ਪ੍ਰਤੀ ਉਤਸ਼ਾਹਿਤ ਹੋਵੇਗੀ ਤੇ ਉਸਦਾ ਨਸ਼ਿਆਂ ਪ੍ਰਤੀ ਰੁਝਾਨ ਘਟੇਗਾ। ਗਰੁੱਪ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇੱਕ ਸਮਾਜ ਸੇਵੀ ਸੰਸਥਾ ਵੀ ਚਲਾਈ ਜਾ ਰਹੀ ਹੈ, ਜੋ ਸਮੇਂ-ਸਮੇਂ ਉੱਤੇ ਪੰਜਾਬ ਵਿਚ ਲੋੜਵੰਦਾਂ ਦੀ ਮਦਦ ਵੀ ਕਰਦੀ ਹੈ।