ਆਸਟ੍ਰੇਲੀਅਨ ਨਾਗਰਿਕ ਨੇ ਲਾਸ ਵੇਗਾਸ ''ਚ ਹੋਈ ਗੋਲੀਬਾਰੀ ਦਾ ਸੁਣਾਇਆ ਅੱਖੀਂ ਦੇਖਿਆ ਹਾਲ

10/03/2017 1:37:53 PM

ਸਿਡਨੀ/ਲਾਸ ਵੇਗਾਸ— ਅਮਰੀਕਾ ਦੇ ਲਾਸ ਵੇਗਾਸ 'ਚ ਬੀਤੇ ਐਤਵਾਰ ਦੀ ਰਾਤ ਨੂੰ ਮਾਂਡਲੇ ਬੇਅ ਕੈਸੀਨੋ ਨੇੜੇ ਇਕ ਸੰਗੀਤ ਸਮਾਗਮ 'ਚ ਗੋਲੀਬਾਰੀ ਹੋਈ, ਜਿਸ 'ਚ 59 ਲੋਕਾਂ ਦੀ ਮੌਤ ਹੋ ਗਈ ਅਤੇ 527 ਦੇ ਕਰੀਬ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। 64 ਸਾਲਾ ਸਟੀਫਨ ਕ੍ਰੇਗ ਪੈਡਾਕ ਨਾਂ ਦੇ ਅੱਤਵਾਦੀ ਨੇ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਗੋਲੀਬਾਰੀ ਦਾ ਚਸ਼ਮਦੀਦ ਗਵਾਹ ਬਣਿਆ ਇਕ ਆਸਟ੍ਰੇਲੀਅਨ ਨਾਗਰਿਕ, ਜਿਸ ਦਾ ਨਾਂ ਹੈ ਬਰਾਇਨ ਹਾਜ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦਾ ਰਹਿਣ ਵਾਲਾ 36 ਸਾਲਾ ਬਰਾਇਨ ਨੇ ਦੱਸਿਆ ਕਿ ਉਹ ਮਾਂਡਲੇ ਬੇਅ ਰਿਜ਼ਾਰਟ 'ਚ ਠਹਿਰਿਆ ਸੀ, ਉਸ ਦੇ ਅਗਲੇ ਹੀ ਕਮਰੇ 'ਚ ਸ਼ੂਟਰ ਵੀ ਠਹਿਰਿਆ ਸੀ, ਜਿਸ ਨੇ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ।


ਬਰਾਇਨ ਨੇ ਦੱਸਿਆ ਕਿ ਉਹ ਰਿਜ਼ਾਰਟ ਦੇ 32ਵੀਂ ਮੰਜ਼ਲ 'ਤੇ ਠਹਿਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਮੈਂ ਆਪਣੇ ਸਾਥੀਆਂ ਨਾਲ ਖਾਣਾ ਖਾਣ ਤੋਂ ਪਹਿਲਾਂ ਬਾਹਰ ਜਾਣ ਦੀ ਯੋਜਨਾ ਬਣਾਈ। ਬਰਾਇਨ ਨੇ ਦੱਸਿਆ ਕਿ ਜਦੋਂ ਅਸੀਂ ਬਾਹਰ ਗਏ ਤਾਂ ਗੋਲੀਬਾਰੀ ਦੀਆਂ ਆਵਾਜ਼ਾਂ ਸੁਣ ਕੇ ਡਰ ਗਏ ਅਤੇ ਕਿਸੇ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਹੋਟਲ ਤੱਕ ਪੁੱਜੇ ਅਤੇ 3 ਘੰਟੇ ਹੋਟਲ ਦੇ ਬਾਹਰ ਝਾੜੀਆਂ 'ਚ ਲੁੱਕ ਕੇ ਗੋਲੀਆਂ ਚੱਲਣ ਅਤੇ ਲੋਕਾਂ ਨੂੰ ਦੌੜਦੇ ਦੇਖਦੇ ਰਹੇ। ਉਸ ਨੇ ਦੱਸਿਆ ਕਿ ਇਹ ਵਰਣਨ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੈ, ਤੇਜ਼ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਅਸੀਂ ਸਭ ਅੰਦਰ ਤੱਕ ਕੰਬ ਗਏ। ਅੱਤਵਾਦੀ ਨੇ ਇਕ ਤੋਂ ਬਾਅਦ ਇਕ ਕਈ ਗੋਲੀਆਂ ਚਲਾਈਆਂ। ਬਰਾਇਨ ਨੇ ਦੱਸਿਆ ਕਿ ਅਸੀਂ ਕਿਸੇ ਤਰ੍ਹਾਂ ਹੋਟਲ ਦੇ ਕਮਰੇ ਤੱਕ ਪੁੱਜੇ ਅਤੇ ਆਪਣੀ ਜਾਨ ਬਚਾਈ। ਬਰਾਇਨ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਲਾਸ ਏਂਜਲਸ 'ਚ ਰਹਿ ਰਿਹਾ ਸੀ ਅਤੇ ਜ਼ਿਆਦਾ ਸਮਾਂ ਲਾਸ ਵੇਗਾਸ 'ਚ ਬਿਤਾਇਆ। ਉਸ ਨੇ ਦੱਸਿਆ ਕਿ ਇਸ ਗੋਲੀਬਾਰੀ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ।