ਗ਼ਦਰੀ ਬਾਬਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਫਰਿਜ਼ਨੋ ਵਿਖੇ ਮੇਲਾ 6 ਅਗਸਤ ਨੂੰ

07/26/2022 11:51:51 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)-ਗ਼ਦਰੀ ਬਾਬਿਆਂ ਦਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ  ਰਿਹਾ ਹੈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ’ਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੀ ਗ਼ਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ. ਐੱਸ. ਹੈਰੀਟੇਜ ਵੱਲੋਂ 6 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰ 2 ਤੋਂ ਸ਼ਾਮ 5 ਵਜੇ ਦਰਮਿਆਨ ਸਥਾਨਕ ਨੌਰਥ ਪੁਆਇੰਟ ਈਵੈਂਟ ਸੈਂਟਰ (4277 N. West Ave, Fresno) ਵਿਖੇ ਗ਼ਦਰੀ ਬਾਬਿਆਂ ਦੀ ਯਾਦ ’ਚ ਸ਼ਾਨਦਾਰ ਮੇਲਾ ਕਰਵਾਇਆ ਜਾ ਰਿਹਾ ਹੈ।

ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀ ਦੇ ਮੈਂਬਰਾ ਦੀ ਮੀਟਿੰਗ ਸਥਾਨਕ ਪੰਜਾਬ ਪਲਾਜ਼ਾ ਵਿਖੇ ਹੋਈ, ਜਿੱਥੇ ਉਨ੍ਹਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਇਸ ਮੇਲੇ ’ਚ ਸ਼ਿਰਕਤ ਕਰਨ ਲਈ ਕੀ-ਸਪੀਕਰ ਦੇ ਤੌਰ ’ਤੇ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸਿੰਘ ਸੋਹੀ ਉਚੇਚੇ ਤੌਰ ’ਤੇ ਕੈਨੇਡਾ ਤੋਂ ਪਹੁੰਚ ਰਹੇ ਹਨ। ਇਸ ਮੌਕੇ ਗਿੱਧੇ-ਭੰਗੜੇ ਅਤੇ ਸਕਿੱਟਾਂ ਤੋਂ ਇਲਾਵਾ ਲੋਕਲ ਕਲਾਕਾਰ, ਜਿਨ੍ਹਾਂ ’ਚ ਧਰਮਵੀਰ ਥਾਂਦੀ, ਜੋਤ ਰਣਜੀਤ ਕੌਰ, ਅਵਤਾਰ ਗਰੇਵਾਲ, ਪੱਪੀ ਭਦੌੜ, ਕਮਲਜੀਤ ਬੈਨੀਪਾਲ ਆਦਿ ਸੱਜਣ ਦੇਸ਼ ਭਗਤੀ ਦੇ ਗੀਤਾਂ ਨਾਲ ਹਾਜ਼ਰੀ ਭਰਨਗੇ। ਚਾਹ-ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ।

ਇਸ ਮੌਕੇ ਪ੍ਰਬੰਧਕ ਵੀਰਾਂ ਨੇ ਫਰਿਜ਼ਨੋ ਸ਼ਹਿਰ ਅਤੇ ਫਰਿਜ਼ਨੋ ਕਾਊਂਟੀ ’ਚ ਵੱਸਦੇ ਤਮਾਮ ਭਾਰਤੀ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੇ ਰੋਜ਼ਮੱਰਾ ਦੇ ਰੁਝੇਵਿਆਂ ’ਚੋਂ ਵਿਹਲ ਕੱਢ ਕੇ ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲ਼ੇ ਯੋਧਿਆਂ ਨੂੰ ਯਾਦ ਕਰਨ ਤੇ ਸ਼ਰਧਾਂਜਲੀ ਦੇਣ ਲਈ ਹੁੰਮ-ਹੁਮਾ ਕੇ ਪਹੁੰਚੋ ਅਤੇ ਮੇਲੇ ਦੀ ਰੌਣਕ ਨੂੰ ਵਧਾਓ। ਉਨ੍ਹਾਂ ਕਿਹਾ ਕਿ ਮੇਲੇ ਦੀ ਐਂਟਰੀ ਬਿਲਕੁਲ ਫ੍ਰੀ ਹੈ। ਇਥੇ ਬਹੁਤ ਖੁੱਲ੍ਹੀ ਕਾਰ ਪਾਰਕਿੰਗ ਹੈ ਅਤੇ ਗਰਮੀ ਨੂੰ ਮੁੱਖ ਰੱਖਦਿਆਂ ਇਹ ਮੇਲਾ ਇਨਡੋਰ ਏ.ਸੀ. ਹਾਲ ਅੰਦਰ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਫ਼ੋਨ ਨੰਬਰਾਂ ਰਣਜੀਤ ਗਿੱਲ 559-709-9599, ਨਿਰਮਲ ਗਿੱਲ 559-270 -9880, ਸਾਧੂ ਸਿੰਘ ਸੰਘਾ 559-457-8552, ਨੀਟਾ ਮਾਛੀਕੇ 559-333-5776 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
 

Karan Kumar

This news is Content Editor Karan Kumar