ਟੋਰਾਂਟੋ ''ਚ ਦੋ ਧਾਰਮਿਕ ਅਸਥਾਨਾਂ ''ਤੇ 3 ਮਹੀਨਿਆਂ ਵਿਚ ਛੇਵੀਂ ਵਾਰ ਹੋਇਆ ਹਮਲਾ

08/22/2020 3:24:37 PM

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਇਸ ਹਫਤੇ ਇਕ ਮਸੀਤ ਉੱਤੇ ਹਮਲਾ ਕੀਤਾ ਗਿਆ ਤੇ ਇਹ ਪਹਿਲੀ ਵਾਰ ਨਹੀਂ ਹੈ। ਇੱਥੇ ਦੋ ਮਸਜਿਦਾਂ 'ਤੇ ਪਿਛਲੇ 3 ਮਹੀਨਿਆਂ ਵਿਚ ਛੇਵੀਂ ਵਾਰ ਹਮਲਾ ਕੀਤੇ ਜਾਣ ਦੀ ਖਬਰ ਹੈ। 

ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਦੱਸਿਆ ਗਿਆ ਹੈ ਕਿ ਐਡੀਲਡ ਸਟਰੀਟ 'ਤੇ ਸਥਿਤ ਮਸੀਤ ਨੂੰ 16 ਅਗਸਤ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਤੇ ਇਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ। 3 ਹਫਤਿਆਂ ਵਿਚ ਤੀਜੀ ਵਾਰ ਇਹ ਘਟਨਾ ਵਾਪਰਨ 'ਤੇ ਐਸੋਸੀਏਸ਼ਨ ਵਲੋਂ ਸਾਫ ਦੱਸ ਦਿੱਤਾ ਗਿਆ ਹੈ ਕਿ ਉਨ੍ਹਾਂ ਵਲੋਂ ਪੁਲਸ ਦੀ ਕਾਰਵਾਈ ਲਈ ਹੋਰ ਉਡੀਕ ਨਹੀਂ ਕੀਤੀ ਜਾ ਰਹੀ। ਟੋਰਾਂਟੋ ਸ਼ਹਿਰ ਦੇ ਦੋ ਅਸਥਾਨਾਂ 'ਤੇ ਮਸੀਤਾਂ ਸਥਿਤ ਹਨ ਤੇ ਇਹ ਵਾਰੋ-ਵਾਰੀ ਹਮਲੇ ਦੀਆਂ ਸ਼ਿਕਾਰ ਹੋ ਰਹੀਆਂ ਹਨ, ਜਿਸ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ। ਹਾਲਾਂਕਿ ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। 

ਉਨ੍ਹਾਂ ਦੱਸਿਆ ਕਿ 1 ਜੂਨ 2020 ਤੋਂ ਬਾਅਦ ਇੱਥੇ ਅਜਿਹੇ ਹਮਲੇ ਵੱਧ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤਕ 2 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਇਨ੍ਹਾਂ ਘਟਨਾਵਾਂ 'ਤੇ ਦੁੱਖ ਪ੍ਰਗਟਾਇਆ ਹੈ ਤੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਜ਼ਰੂਰ ਸਾਂਝੀ ਕਰਨ। 

Lalita Mam

This news is Content Editor Lalita Mam