ਅਮਰੀਕਾ ਦੇ ਨਾਲ ਲੱਗਦੀ ਸਰਹੱਦ ਪਾਰ ਕਰਕੇ ਕੈਨੇਡਾ ''ਚ ਦਾਖਲ ਹੋਏ ਸ਼ਰਨਾਰਥੀ, ਜ਼ੋਖਮ ''ਚ ਪਾਈ ਜਾਨ

02/03/2017 1:31:00 PM

ਮੈਨੀਟੋਬਾ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਵਿਚ ਐਂਟਰੀ ''ਤੇ ਲਗਾਏ ਗਏ 90 ਦਿਨਾਂ ਦੇ ਬੈਨ ਤੋਂ ਬਾਅਦ ਕੈਨੇਡਾ ਨੇ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਕਾਨੂੰਨੀਂ ਕਾਰਵਾਈ ਵਿਚ ਲੱਗਣ ਵਾਲੇ ਸਮੇਂ ਕਾਰਨ ਇਹ ਲੋਕ ਸਰਹੱਦ ਪਾਰ ਕਰਕੇ ਕੈਨੇਡਾ ਵਿਚ ਦਾਖਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੇ ਐਲਾਨ ਤੋਂ ਬਾਅਦ ਘੱਟੋ-ਘੱਟ 10 ਸ਼ਰਨਾਰਥੀ ਮੈਨੀਟੋਬਾ ਵਿਚ ਅਮਰੀਕੀ-ਕੈਨੇਡੀਅਨ ਸਰਹੱਦ ਪਾਰ ਕਰਕੇ ਕੈਨੇਡਾ ਵਿਚ ਦਾਖਲ ਹੋ ਚੁੱਕੇ ਹਨ। 
ਜਨਵਰੀ ਤੋਂ ਲੈ ਕੇ ਹੁਣ ਤੱਕ 39 ਸ਼ਰਨਾਰਥੀ ਹੱਡ ਚੀਰਵੀਂ ਠੰਡ ਦੇ ਇਸ ਮੌਸਮ ਵਿਚ ਕੈਨੇਡਾ ਵਿਚ ਦਾਖਲ ਹੋ ਰਹੇ ਹਨ ਕਿ ਉਨ੍ਹਾਂ ਨੂੰ ਇੱਧਰ ਪਨਾਹ ਮਿਲ ਜਾਵੇਗੀ। ਕੜਾਕੇ ਦੀ ਠੰਡ ਵਿਚ ਬੀਮਾਰ ਪੈਣ ਕਰਕੇ ਕੁਝ ਸ਼ਰਨਾਰਥੀਆਂ ਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਰਹੱਦ ਪਾਰ ਕਰਨ ਦਾ ਰੁਝਾਨ ਕਾਫੀ ਜ਼ਿਆਦਾ ਹੈ ਅਤੇ ਇਸ ਵਿਚ ਹੁਣ ਪਹਿਲਾਂ ਨਾਲੋਂ ਤੇਜ਼ੀ ਆਈ ਹੈ। 
ਮੈਨੀਟੋਬਾ ਦੀ ਇੰਟਰਫੇਥ ਇਮੀਗ੍ਰੇਸ਼ਨ ਕੌਂਸਲ ਦੀ ਰੀਟਾ ਚਾਹਲ ਦਾ ਕਹਿਣਾ ਹੈ ਕਿ ਸ਼ਰਨਾਰਥੀਆਂ ਵੱਲੋਂ ਇਸ ਤਰ੍ਹਾਂ ਸਰਹੱਦ ਪਾਰ ਕਰਨ ਦੇ ਮਾਮਲਿਆਂ ਵਿਚ ਆਈ ਤੇਜ਼ੀ ਸਾਡੇ ਹਿਸਾਬ ਨਾਲ ਅਜੇ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ''ਤੇ ਲਾਈ ਰੋਕ ਨਾਲ ਅਮਰੀਕਾ ਦਾ ਜਾਇਜ਼ ਵੀਜ਼ਾ ਹਾਸਲ ਕਰ ਚੁੱਕੇ ਸ਼ਰਨਾਰਥੀ ਵੀ ਅਧਵਾਟੇ ਫਸ ਕੇ ਰਹਿ ਗਏ ਹਨ। ਸੀਰੀਆ, ਇਰਾਕ, ਇਰਾਨ, ਲੀਬੀਆ, ਸੋਮਾਲੀਆ, ਯਮਨ ਤੇ ਸੂਡਾਨ ਵਰਗੇ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ''ਤੇ 90 ਦਿਨਾਂ ਲਈ ਇਹ ਪਾਬੰਦੀ ਲਾਈ ਗਈ ਹੈ, ਇਸ ਨਾਲ ਅਮਰੀਕਾ ਦਾ ਸ਼ਰਨਾਰਥੀ ਪ੍ਰੋਗਰਾਮ ਵੀ ਚਾਰ ਮਹੀਨਿਆਂ ਲਈ ਸਸਪੈਂਡ ਹੋ ਗਿਆ ਹੈ।
ਪਨਾਹ ਹਾਸਲ ਕਰਨ ਦੇ ਚਾਹਵਾਨ 10 ਲੋਕਾਂ ਵਿਚ ਉਹ ਵਿਅਕਤੀ ਵੀ ਸ਼ਾਮਲ ਸੀ, ਜਿਸ ਨੇ ਦੱਸਿਆ ਕਿ ਟਰੰਪ ਵੱਲੋਂ ਕੀਤੇ ਐਲਾਨ ਤੋਂ ਬਾਅਦ ਉਹ ਇੰਨਾਂ ਜ਼ਿਆਦਾ ਡਰ ਗਿਆ ਸੀ ਕਿ ਉਸ ਨੇ ਠੰਡ ਦੇ ਮੌਸਮ ਵਿਚ ਹੀ ਸਰਹੱਦ ਪਾਰ ਕਰਨ ਦਾ ਫੈਸਲਾ ਕਰ ਲਿਆ। ਪੂਰਬੀ ਅਫਰੀਕਾ ਦੇ ਇਸ ਵਿਅਕਤੀ ਨੇ ਪਹਿਲੀ ਵਾਰੀ ਬਰਫਬਾਰੀ ਵੇਖੀ ਸੀ। ਉਸ ਨੇ ਕਿਹਾ ਕਿ ਅਮਰੀਕਾ ਵਿਚ ਉਸ ਨੇ ਅਫਵਾਹ ਸੁਣੀ ਸੀ ਕਿ ਬੈਨ ਕੀਤੇ ਗਏ ਮੁਸਲਿਮ ਦੇਸ਼ਾਂ ਤੋਂ ਇਲਾਵਾ ਬਾਕੀ ਲੋਕਾਂ ਨੂੰ ਵੀ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ। ਇਸੇ ਲਈ ਲੋਕ ਡਰ ਦੇ ਮਾਰੇ ਕੈਨੇਡਾ ਵੱਲ ਮੂੰਹ ਕਰ ਰਹੇ ਹਨ ਅਤੇ ਆਪਣੀ ਜਾਨ ਨੂੰ ਜ਼ੋਖਮ ਵਿਚ ਪਾ ਕੇ ਕੈਨੇਡਾ ਦੀ ਸਰਹੱਦ ਪਾਰ ਕਰਕੇ ਦੇਸ਼ ਵਿਚ ਦਾਖਲ ਹੋ ਰਹੇ ਹਨ।

Kulvinder Mahi

This news is News Editor Kulvinder Mahi