328 ਦਿਨ ਸਪੇਸ ''ਚ ਬਿਤਾ ਧਰਤੀ ''ਤੇ ਪਰਤੀ ਨਾਸਾ ਦੀ ਕ੍ਰਿਸਟੀਨਾ ਕੋਚ

02/06/2020 5:34:56 PM

ਵਾਸ਼ਿੰਗਟਨ- ਲੰਬੇ ਸਮੇਂ ਤੱਕ ਸਪੇਸ ਵਿਚ ਰਹਿਣ ਦਾ ਰਿਕਾਰਡ ਬਣਾਉਣ ਤੋਂ ਬਾਅਦ ਅਮਰੀਕੀ ਸਪੇਸ ਯਾਤਰੀ ਕ੍ਰਿਸਟੀਨਾ ਕੋਚ ਵੀਰਵਾਰ ਨੂੰ ਵਾਪਸ ਧਰਤੀ 'ਤੇ ਪਰਤ ਆਈ। ਸਪੇਸ ਵਿਚ ਉਹਨਾਂ ਨੇ ਰਿਕਾਰਡ 328 ਦਿਨ ਬਿਤਾਏ ਹਨ। ਉਹਨਾਂ ਨੇ ਸਾਲ 2019 ਵਿਚ ਔਰਤਾਂ ਦੇ ਦਲ ਦੀ ਸਪੇਸਵਾਕ ਵਿਚ ਅਗਵਾਈ ਕੀਤੀ ਸੀ। ਦੱਸ ਦੇਈਏ ਕਿ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਪੇਸਵਾਕ ਵਿਚ ਪੂਰੀ ਤਰ੍ਹਾਂ ਸਿਰਫ ਔਰਤਾਂ ਦਾ ਦਲ ਸਪੇਸ ਸਟੇਸ਼ਨ ਤੋਂ ਬਾਹਰ ਗਿਆ।

ਨਾਸਾ ਦੇ ਮੁਤਾਬਕ ਉਹਨਾਂ ਨੇ ਸਪੇਸ ਵਿਚ 328 ਦਿਨ ਬਿਤਾਏ। ਇਸ ਲੜੀ ਵਿਚ ਉਹਨਾਂ ਨੇ ਧਰਤੀ ਦੇ 5,248 ਚੱਕਰ ਲਾਏ ਤੇ 3.9 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉਹਨਾਂ ਨੇ ਸਪੇਸ ਸਟੇਸ਼ਨ ਤੋਂ ਬਾਹਰ ਨਿਕਲਕੇ 6 ਵਾਰ ਚਹਿਲਕਦਮੀ ਕੀਤੀ ਤੇ ਖੁੱਲੇ ਆਕਾਸ਼ ਵਿਚ 42 ਘੰਟੇ 15 ਮਿੰਟ ਬਿਤਾਏ। ਇਸ ਦੌਰਾਨ ਉਹਨਾਂ ਨੇ ਕਈ ਵਿਗਿਆਨਕ ਪ੍ਰਯੋਗਾਂ ਤੇ ਮਿਸ਼ਨਾਂ ਨੂੰ ਅੰਜਾਮ ਦਿੱਤਾ। ਨਾਸਾ ਮੁਤਾਬਕ ਪਿਛਲਾ ਰਿਕਾਰਡ ਅਮਰੀਕੀ ਸਪੇਸ ਯਾਤਰੀ ਪੇਗੀ ਵਿਟਸਨ ਦੇ ਨਾਂ ਸੀ। ਵਿਟਸਨ ਸਾਲ 2016-17 ਦੌਰਾਨ ਸਟੇਸ਼ਨ ਕਮਾਂਡਰ ਦੇ ਤੌਰ 'ਤੇ 288 ਦਿਨ ਤੱਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਰਹੀ ਸੀ। ਨਾਸਾ ਨੇ ਦੱਸਿਆ ਕਿ ਕ੍ਰਿਸਟੀਨਾ ਦੇ ਨਾਲ ਯੂਰਪੀ ਸਪੇਸ ਏਜੰਸੀ ਦੇ ਸਪੇਸ ਯਾਤਰੀ ਲੂਕਾ ਪਰਮਿਤਾਨੋ ਤੇ ਰੂਸ ਦੇ ਸਪੇਸ ਯਾਤਰੀ ਐਲੇਕਜ਼ੈਂਡਰ ਸਕਵੋਤਸੋਵ ਵੀ ਵਾਪਸ ਪਰਤੇ ਹਨ। ਇਸ ਮਿਸ਼ਨ ਦੌਰਾਨ ਵਿਗਿਆਨਕਾਂ ਨੂੰ ਭਵਿੱਖ ਦੇ ਚੰਦਰਮਾ ਤੇ ਮੰਗਲ ਮਿਸ਼ਨਾਂ ਤੋਂ ਇਲਾਵਾ ਗਰੈਵਿਟੀ ਤੇ ਸਪੇਸ ਰੇਡੀਏਸ਼ਨ ਦਾ ਮਹਿਲਾਵਾਂ ਦੇ ਸਰੀਰ 'ਤੇ ਅਸਰ ਨੂੰ ਲੈ ਕੇ ਮਹੱਤਵਪੂਰਨ ਡਾਟਾ ਮੁਹੱਈਆ ਹੋਇਆ ਹੈ। ਇਸ 'ਤੇ ਆਉਣ ਵਾਲੇ ਸਮੇਂ ਵਿਚ ਅਧਿਐਨ ਕੀਤਾ ਜਾਵੇਗਾ, ਜੋ ਅਮਰੀਕੀ ਸਪੇਸ ਏਜੰਸੀ ਦੇ ਕੰਮ ਆਏਗਾ ਕਿਉਂਕਿ ਅਗਲੇ ਦਹਾਕੇ ਵਿਚ ਚੰਦਰਮਾ ਦੀ ਸਤ੍ਹਾ 'ਤੇ ਸਥਾਈ ਸਪੇਸ ਸਟੇਸ਼ਨ ਬਣਾਉਣ ਦਾ ਉਹਨਾਂ ਦਾ ਟੀਚਾ ਹੈ।

41 ਸਾਲਾ ਕ੍ਰਿਸਟੀਨਾ ਕੋਚ ਦਾ ਇਹ ਬਹੁਤ ਵਿਅਸਤ ਮਿਸ਼ਨ ਸੀ, ਜਿਸ ਤੋਂ ਭਵਿੱਖ ਦੇ ਚੰਦਰਮਾ ਤੇ ਮੰਗਲ ਮਿਸ਼ਨ ਦਾ ਮਹੱਤਵਪੂਰਨ ਡਾਟਾ ਮਿਲਿਆ ਹੈ। ਔਰਤਾਂ ਦੇ ਸਪੇਸਵਾਕ ਦੀ ਪਹਿਲੀ ਕੋਸ਼ਿਸ਼ ਨਾਸਾ ਨੂੰ ਰੱਦ ਕਰਨੀ ਪਈ ਸੀ ਕਿਉਂਕਿ ਉਸ ਦੀ ਇਕ ਸਪੇਸ ਯਾਤਰੀ ਕੋਲ ਮੀਡੀਅਮ ਸਾਈਜ਼ ਦਾ ਸਪੇਸਸੂਟ ਮੁਹੱਈਆ ਨਹੀਂ ਸੀ।


Baljit Singh

Content Editor

Related News