ਰੋਬੋਟ 'ਯੂਮੀ' ਸੰਗੀਤਕਾਰ ਦੀ ਤਰ੍ਹਾਂ ਕਰੇਗਾ ਮਾਰਗ ਦਰਸ਼ਨ(ਵੀਡੀਓ)

09/13/2017 11:01:26 AM

ਰੋਮ— ਵਿਗਿਆਨੀਆਂ ਦੀਆਂ ਖੋਜਾਂ ਨੇ ਦੁਨੀਆ ਨੂੰ ਹਰ ਵਾਰੀ ਹੈਰਾਨ ਕੀਤਾ ਹੈ। ਵਿਗਿਆਨੀਆਂ ਦੁਆਰਾ ਰੋਬੋਟ ਦੀ ਖੋਜ ਆਪਣੇ ਆਪ ਵਿਚ ਮਹੱਤਵਪੂਰਣ ਹੈ। ਅੱਜ ਦੇ ਮਸ਼ੀਨੀ ਯੁੱਗ ਵਿਚ ਕਈ ਕੰਮਾਂ ਵਿਚ ਇਨਸਾਨ ਦੀ ਜਗ੍ਹਾ ਰੋਬੋਟ ਨੇ ਲੈ ਲਈ ਹੈ। ਵਿਗਿਆਨੀਆ ਨੇ ਕਈ ਤਰ੍ਹਾਂ ਦੇ ਰੋਬੋਟ ਬਣਾਏ ਹਨ। ਰੋਬੋਟ ਇਕ ਮਸ਼ੀਨ ਹੈ, ਜੋ ਉਹ ਸਾਰੇ ਕੰਮ ਕਰ ਸਕਦਾ ਹੈ, ਜੋ ਇਕ ਮਨੁੱਖ ਕਰਦਾ ਹੈ ਪਰ ਹਾਲੇ ਤੱਕ ਕੋਈ ਅਜਿਹਾ ਰੋਬੋਟ ਨਹੀਂ ਸੀ ਬਣਿਆ ਜੋ ਸੰਗੀਤ ਦੀ ਧੁਨ ਨੂੰ ਸੁਣ ਕੇ ਆਪਣੇ ਯੰਤਰ ਵਾਦਕਾਂ ਨੂੰ ਸੁਰਾਂ ਲਈ ਸੰਕੇਤ ਦਿੰਦਾ ਹੋਵੇ।। 
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਸਲ ਵਿਚ ਅਜਿਹਾ ਰੋਬੋਟ ਬਣ ਚੁੱਕਾ ਹੈ, ਜੋ ਬਿਲੁਕਲ ਸੰਗੀਤਕਾਰ ਦੀ ਤਰ੍ਹਾਂ ਆਪਣੇ ਯੰਤਰ ਵਾਦਕਾਂ ਨੂੰ ਸੰਕੇਤ ਦਿੰਦਾ ਹੈ। ਉਹ ਦੱਸੇਗਾ ਕਿ ਧੁਨ ਨੂੰ ਕਿੰਨਾ ਉੱਪਰ ਰੱਖਣਾ ਹੈ, ਕਿੰਨਾ ਹੌਲੀ ਕਰਨਾ ਹੈ, ਕਿਸ ਸੰਗੀਤ ਯੰਤਰ ਨੂੰ ਕਦੋਂ ਤਾਲ ਦੇਣੀ ਹੈ, ਕਦੋਂ ਨਹੀਂ। ਇਹ ਰੋਬੋਟ ਇਸ ਤਰ੍ਹਾਂ ਕਰਨ ਵਾਲਾ ਦੁਨੀਆ ਦਾ ਇਕਲੌਤਾ ਰੋਬੋਟ ਹੈ। ਦੱਸਣਯੋਗ ਹੈ ਕਿ ਇਸ ਦੇ ਸੌਫਟਵੇਅਰ ਡਿਵੈਲਪਮੈਂਟ ਵਿਚ ਭਾਰਤ ਦੇ ਰਿਸਰਚ ਐਂਡ ਡਿਵੈਲਪਮੈਂਟ ਕੇਂਦਰ ਦਾ ਖਾਸ ਯੋਗਦਾਨ ਰਿਹਾ ਹੈ।
ਇਸ ਵੀਡੀਓ ਵਿਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਟਲੀ ਦਾ ਓਪੇਰਾ ਗਾਇਕ ਐਂਡਰੀਆ ਬੋਕੇਲੀ ਜਦੋਂ ਮੰਗਲਵਾਰ ਨੂੰ ਲੁਕਾ ਫਿਲਹਾਰਮੋਨਿਕ ਆਰਕੈਸਟਰਾ ਨਾਲ ਪ੍ਰਦਰਸ਼ਨ ਕਰਨਗੇ ਤਾਂ ਉੱਥੇ ਲੋਕਾਂ ਦਾ ਧਿਆਨ ਉਨ੍ਹਾਂ 'ਤੇ ਨਹੀਂ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦਾ ਮਾਰਗ ਦਰਸ਼ਕ YuMi ਹੋਵੇਗਾ। YuMi ਸਵਿਸ ਫਰਮ ਏ. ਬੀ. ਬੀ. ਵੱਲੋਂ ਬਣਾਇਆ ਗਿਆ ਦੋ ਹੱਥਾਂ ਵਾਲਾ ਰੋਬੋਟ ਹੈ। ਇਹ ਰੋਬੋਟ ਹੀ ਉਨ੍ਹਾਂ ਦਾ ਮਾਰਗ ਦਰਸ਼ਨ ਕਰੇਗਾ। YuMi ਦੋ ਸ਼ਬਦਾਂ ਯੂ ਅਤੇ ਮੀ ਨਾਲ ਮਿਲ ਕੇ ਬਣਿਆ ਹੈ, ਜਿਸ ਦਾ ਮਤਲਬ ਹੈ 'ਤੁਸੀਂ ਅਤੇ ਮੈਂ' । ਇਸ ਲਈ ਹੀ ਇਸ ਰੋਬੋਟ ਦਾ ਨਾਂ ਯੂਮੀ ਰੱਖਿਆ ਗਿਆ ਹੈ।