ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹਮਲਾ, ਨਫ਼ਰਤੀ ਅਪਰਾਧ ਤਹਿਤ ਹੋਵੇਗੀ ਜਾਂਚ

04/04/2022 11:08:47 AM

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਵਿਖੇ ਨਿਊਯਾਰਕ ਦੇ ਰਿਚਮੰਡ ਹਿੱਲ ਕਵੀਨਜ਼ ਵਿਚ ਗੁਰੂ ਘਰ ਸਿੱਖ ਕਲਚਰਲ ਸੋਸਾਇਟੀ ਦੇ ਰਸਤੇ 'ਤੇ ਬੀਤੇ ਦਿਨ ਐਤਵਾਰ ਦੀ ਸਵੇਰ ਨੂੰ ਇਕ  ਬਜ਼ੁਰਗ ਸਿੱਖ ਨਿਰਮਲ ਸਿੰਘ 'ਤੇ ਹਮਲਾ ਕੀਤਾ ਗਿਆ। ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਪੈਦਲ ਹੀ ਜਾ ਰਿਹਾ ਸੀ। ਕਿਸੇ ਅਣਪਛਾਤੇ ਵਿਅਕਤੀ ਨੇ ਪਿੱਛੇ ਤੋਂ ਆ ਕੇ ਉਸ ਦੇ ਮੂੰਹ 'ਤੇ ਮਾਰਿਆ। ਪੀੜ੍ਹਤ ਬਜ਼ੁਰਗ ਨਿਰਮਲ ਸਿੰਘ ਦੀਆਂ ਸਲੀਵਜ਼ ਅਤੇ ਜੈਕੇਟ 'ਤੇ ਲਹੂ ਅਜੇ ਵੀ ਤਾਜ਼ਾ ਸੀ।ਇਸ ਸੰਬੰਧ ਵਿਚ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੁ ਪਬਲਿਕ ਪਾਲਿਸੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੂਰ ਨੇ ਪੀੜਤ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਕਿਉਂਕਿ ਪੀੜ੍ਹਤ ਬਜ਼ੁਰਗ ਨਿਰਮਲ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ। 

PunjabKesari

ਨਿਰਮਲ ਸਿੰਘ ਐਤਵਾਰ ਸਵੇਰੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵੱਲ ਨੂੰ ਜਾ ਰਿਹਾ ਸੀ, ਜਦੋਂ ਇੱਕ ਵਿਅਕਤੀ ਨੇ ਉਸ ਦੇ ਕੋਲ ਆ ਕੇ ਉਸ ਦੇ ਨੱਕ 'ਤੇ ਮੁੱਕਾ ਮਾਰਿਆ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ। ਤੂਰ ਦਾ ਮੰਨਣਾ ਹੈ ਕਿ 70 ਸਾਲ ਦੀ ਉਮਰ ਦੇ ਬਜ਼ੁਰਗ 'ਤੇ ਉਸ ਦੀ ਦਿੱਖ ਕਾਰਨ ਹਮਲਾ ਹੋਇਆ ਹੈ। ਸਿਰਫ਼ ਇਸ ਲਈ ਕਿ ਸਿੱਖ ਵੱਖਰੇ ਦਿਖਾਈ ਦਿੰਦੇ ਹਨ। ਤੂਰ ਨੇ ਕਿਹਾ ਕਿ ਇਹ ਹਰ ਕਿਸੇ 'ਤੇ ਇਕ ਹਮਲਾ ਹੈ, ਨਾ ਕਿ ਸਿਰਫ਼ ਉਸ ਵਿਅਕਤੀ 'ਤੇ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ।ਪੀੜਤ ਨਿਰਮਲ ਸਿੰਘ 95ਵੇਂ ਐਵੇਨਿਊ ਅਤੇ ਲੇਫਰਟਸ ਬੁਲੇਵਾਰਡ ਰਿਚਮੰਡ ਹਿੱਲ (ਕਵੀਨਜ) ਨੇੜੇ ਸਵੇਰੇ 7:00 ਵਜੇ ਦੇ ਕਰੀਬ ਉਸ ਇਲਾਕੇ ਤੁਰਕੇ ਜਾ ਰਿਹਾ ਸੀ ਜਿੱਥੇ ਹਮਲਾ ਹੋਇਆ ਸੀ। ਇਹ ਥਾਂ ਦੱਖਣੀ ਰਿਚਮੰਡ ਹਿੱਲ ਦਾ ਇਲਾਕਾ ਹੈ ਜੋ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਤੋਂ ਥੋੜ੍ਹੀ ਦੂਰੀ 'ਤੇ ਹੈ, ਜਿੱਥੇ ਉਹ ਇਸ ਸਮੇਂ ਰਹਿ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 10 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ

ਪੀੜ੍ਹਤ ਬਜ਼ੁਰਗ ਜੋ ਕੈਨੇਡਾ ਤੋਂ ਸਿਰਫ਼ ਦੋ ਕੁ ਹਫ਼ਤੇ ਪਹਿਲਾਂ ਨਿਊਯਾਰਕ ਆਇਆ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਹ ਨਿਊਯਾਰਕ ਆ ਰਿਹਾ ਹੈ।ਚੇਅਰਮੈਨ ਤੂਰ ਨੇ ਕਿਹਾ ਕਿ ਸਾਡੇ ਚਾਚੇ, ਸਾਡੇ ਮਾਤਾ-ਪਿਤਾ, ਉਹ ਗੁਰੂ ਘਰ ਵਿਚ ਅਰਦਾਸ ਕਰਨ ਲਈ ਆ ਰਹੇ ਹਨ ਅਤੇ ਹੁਣ ਉਹ ਡਰ ਮਹਿਸੂਸ ਕਰ ਰਹੇ ਹਨ। ਸ਼ਹਿਰ ਦੇ ਮਨੁੱਖੀ ਅਧਿਕਾਰਾ ਦੇ ਕਮਿਸ਼ਨਰ ਸਿੱਖ ਆਗੂ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਪਤਾ ਨਹੀਂ ਇਸ ਤਰ੍ਹਾਂ ਦੀ ਸਥਿਤੀ ਦਾ ਸ਼ਿਕਾਰ ਕੌਣ ਹੋਵੇਗਾ। ਕੰਗ ਨੇ ਇਸ ਸੰਬੰਧ ਵਿਚ ਮੇਅਰ ਐਰਿਕ ਐਡਮਜ਼ ਅਤੇ NYPD ਦੇ ਕਮਿਸ਼ਨਰ ਕੀਚੈਂਟ ਸੇਵੇਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਬੁਲਾਇਆ ਹੈ।ਇਸ ਖੇਤਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਹੋਇਆ ਹੈ। ਅਸੀਂ ਹਰ ਰੋਜ਼ ਘੱਟ ਗਿਣਤੀਆਂ ਦੇ ਲੋਕਾਂ 'ਤੇ ਹਮਲੇ ਦੇਖਦੇ ਹਾਂ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ। ਤੂਰ ਨੇ ਕਿਹਾ ਸਾਨੂੰ ਉਮੀਦ ਹੈ ਕਿ ਹਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾਵੇਗੀ ਅਤੇ ਦੋਸ਼ੀ ਵਿਅਕਤੀ ਜਲਦੀ ਫੜਿਆ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News