ਮੁੜ ਅਫਗਾਨਿਸਤਾਨ ਦੇ ਰਾਸ਼ਟਰਪਤੀ ਬਣੇ ਅਸ਼ਰਫ ਗਨੀ, 5 ਮਹੀਨਿਆਂ ਬਾਅਦ ਆਏ ਨਤੀਜੇ

02/19/2020 3:08:35 PM

ਕਾਬੁਲ— ਅਫਗਾਨਿਸਤਾਨ ਦੇ ਚੋਣ ਵਿਭਾਗ ਨੇ ਪੰਜ ਮਹੀਨਿਆਂ ਬਾਅਦ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ ਹੈ। ਅਸ਼ਰਫ ਗਨੀ ਨੂੰ ਲਗਾਤਾਰ ਦੂਜੀ ਵਾਰ ਸੁਤੰਤਰ ਉਮੀਦਵਾਰ ਦੇ ਤੌਰ 'ਤੇ ਚੋਣਾਂ 'ਚ ਜਿੱਤ ਮਿਲੀ ਹੈ। ਮੰਗਲਵਾਰ ਨੂੰ ਚੋਣ ਵਿਭਾਗ ਦੇ ਮੁਖੀ ਹਵਾ ਆਲਮ ਨੂਰੀਸਤਾਨੀ ਨੇ ਨਤੀਜੇ ਦੱਸਦਿਆਂ ਕਿਹਾ ਕਿ ਗਨੀ 50.64 ਫੀਸਦੀ ਵੋਟਾਂ ਹਾਸਲ ਕਰਨ 'ਚ ਸਫਲ ਰਹੇ। ਉਨ੍ਹਾਂ ਦੇ ਵਿਰੁੱਧ ਖੜ੍ਹੇ ਨੈਸ਼ਨਲ ਕੋਲੀਸ਼ਨ ਆਫ ਅਫਗਨਿਸਤਾਨ ਦੇ ਉਮੀਦਵਾਰ ਅਬਦੁੱਲਾ ਅਬਦੁੱਲਾ ਨੂੰ ਸਿਰਫ 39.5 ਫੀਸਦੀ ਵੋਟਾਂ ਮਿਲੀਆਂ। ਚੋਣਾਂ 28 ਸਤੰਬਰ, 2019 ਨੂੰ ਹੋਈਆਂ ਸਨ। ਚੋਣਾਂ ਦੌਰਾਨ ਕਈ ਸਥਾਨਾਂ 'ਤੇ ਤਾਲਿਬਾਨੀ ਅੱਤਵਾਦੀਆਂ ਨੇ ਹਮਲੇ ਕੀਤੇ ਸਨ। ਅਬਦੁੱਲਾ ਦੇ ਸਮਰਥਕਾਂ ਨੇ ਵੋਟਿੰਗ ਮਸ਼ੀਨ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਸਨ। ਇਨ੍ਹਾਂ ਕਾਰਨਾਂ ਕਰਕੇ ਨਤੀਜੇ ਘੋਸ਼ਿਤ ਕਰਨ 'ਚ ਦੇਰੀ ਹੋਈ। ਚੋਣ ਨਤੀਜਿਆਂ ਦਾ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਚੋਣ ਵਿਭਾਗ 'ਤੇ ਪੱਖਪਾਤ ਕਰਨ ਅਤੇ ਗਨੀ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ।
ਅਬਦੁੱਲਾ ਦੇ ਸਮਰਥਕਾਂ ਦਾ ਦੋਸ਼ ਹੈ ਕਿ ਚੋਣਾਂ 'ਚ ਲਗਭਗ 3 ਲੱਖ ਵੋਟਾਂ ਦੀ ਹੇਰਾਫੇਰੀ ਹੋਈ। ਇਸ 'ਚੋਂ 1 ਲੱਖ ਵੋਟ ਮਸ਼ੀਨ 'ਚ ਮਤਦਾਨ ਤੋਂ ਪਹਿਲਾਂ ਜਾਂ ਬਾਅਦ 'ਚ ਫੀਡ ਕੀਤੇ ਗਏ ਸਨ।