ਖਾਸ ਪ੍ਰੋਗਰਾਮ ਰਾਹੀਂ ਮਰਹੂਮ ਆਸਾ ਸਿੰਘ ਮਸਤਾਨਾ ਨੂੰ ਕੀਤਾ ਜਾਵੇਗਾ ਯਾਦ

01/02/2020 2:30:05 PM

ਫਰੀਮਾਂਟ,  (ਰਾਜ ਗੋਗਨਾ) - ਨਵੇਂ ਸਾਲ ਦੀ ਆਮਦ 'ਤੇ ਪਿਛਲੇ ਅੱਠ ਸਾਲਾਂ ਤੋਂ ਇੱਕੀ ਇੰਟਰਨੈਸ਼ਨਲ ਇੰਟਰਟੇਨਮੈਂਟ ਵਲੋਂ ਸ. ਅਮੋਲਕ ਸਿੰਘ ਗਾਖਲ ਅਤੇ ਐੱਸ. ਅਸ਼ੋਕ ਭੌਰਾ ਦੀ ਸਰਪ੍ਰਸਤੀ ਹੇਠ ਕਰਵਾਏ ਜਾਣ ਵਾਲੇ ਇਸ ਵਾਰ ਮਰਹੂਮ ਪਦਮਸ਼੍ਰੀ ਆਸਾ ਸਿੰਘ ਮਸਤਾਨਾ ਨੂੰ ਸਮਰਪਿਤ '8ਵੇਂ ਛਣਕਾਟਾ ਵੰਗਾਂ ਦਾ' ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਅਮੋਲਕ ਸਿੰਘ ਗਾਖਲ ਅਤੇ ਐੱਸ. ਅਸ਼ੋਕ ਭੌਰਾ ਨੇ ਦੱਸਿਆ ਕਿ ਇਸ ਸਾਹਿਤਕ, ਸੰਗੀਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਹੀ ਇਹ ਪ੍ਰਾਪਤੀ ਹੈ ਕਿ ਕੈਲੀਫੋਰਨੀਆ ਦੇ ਪੰਜਾਬੀ ਭਾਈਚਾਰੇ ਦੀਆਂ ਨਾਮੀ ਸਖਸ਼ੀਅਤਾਂ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨਾ ਆਪਣਾ ਮਾਣ ਮਹਿਸੂਸ ਕਰਦੀਆਂ ਹਨ।

ਇਹੀ ਕਾਰਨ ਹੈ ਕਿ ਸੈਨੇਟ ਦੀ ਚੋਣ ਲੜ ਰਹੇ ਮੈਨੀ ਗਰੇਵਾਲ ਇਸ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਗਾਇਕੀ  ਅਤੇ ਗੀਤਕਾਰੀ ਵਿਚ ਸਿਖਰਾਂ ਛੂਹਣ ਵਾਲੇ ਦੇਬੀ ਮਖਸੂਸਪੁਰੀ ਦੀ ਸ਼ੈਲੀ ਤੇ ਸੁਰ ਦੇ ਰੰਗ 5 ਜਨਵਰੀ, ਦਿਨ ਐਤਵਾਰ ਨੂੰ ਪੈਰਾਡਾਈਜ਼ ਬਾਲਰੂਮ ਫਰੀਮਾਂਟ ਵਿਖੇ ਵੇਖਣ ਨੂੰ ਮਿਲਣਗੇ। ਪਿਛਲੇ ਲੰਮੇ ਅਰਸੇ ਤੋਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਬੁਲੰਦ ਆਵਾਜ਼ ਦੀ ਮਲਿਕਾ ਅੰਮ੍ਰਿਤਾ ਵਿਰਕ, ਸਥਾਨਕ ਕਲਾਕਾਰ ਸੱਤੀ ਪਾਬਲਾ ਅਤੇ ਕਮੇਡੀ ਕਿੰਗ ਭਜਨਾ ਅਮਲੀ ਇਸ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਬਣੇ ਰਹਿਣਗੇ।

ਅਜੈ ਭੰਗੜਾ ਅਕੈਡਮੀ, ਪੰਜਾਬੀ ਧੜਕਣ ਅਕੈਡਮੀ ਅਤੇ ਡਾਂਸ ਕ੍ਰਿਸ਼ਮਾ ਵਲੋਂ ਭੰਗੜੇ ਗਿੱਧੇ ਅਤੇ ਹੋਰ ਲੋਕ ਕਲਾਕ੍ਰਿਤਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪੰਜਾਬੀ ਭਾਈਚਾਰੇ ਲਈ ਪੱਤਰਕਾਰੀ ਵਿਚ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਅਤੇ ਕੁਲਵੰਤ ਉੱਭੀ ਧਾਲੀਆਂ ਦਾ ਸਨਮਾਨ ਹੋਵੇਗਾ। ਪ੍ਰੋਗਰਾਮ ਦਾ ਉਦਘਾਟਨ ਬੋਪਾਰਾਏ ਬ੍ਰਦਰਜ਼ ਕਰਨਗੇ ਅਤੇ ਸ਼ਮਾ ਰੌਸ਼ਨ ਡਾਇਮੰਡ ਟਰਾਂਸਪੋਰਟ ਦੇ ਗੁਲਵਿੰਦਰ ਗਾਖਲ, ਨੇਕੀ ਅਟਵਾਲ, ਪਿੰਕੀ ਅਟਵਾਲ, ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਸਾਂਝੇ ਰੂਪ ਵਿਚ ਕਰਨਗੇ। ਪ੍ਰੋਗਰਾਮ ਦਾ ਸੰਚਾਲਨ ਸ਼ਕਤੀ ਮਾਣਕ ਕਰੇਗੀ। ਇਸ ਪ੍ਰੋਗਰਾਮ ਵਿਚ ਐਂਟਰੀ ਫ੍ਰੀ ਹੋਵੇਗੀ ਅਤੇ ਸਵੇਰ 11 ਵਜੇ ਤੋਂ ਦੇਰ ਸ਼ਾਮ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਨੂੰ ਵੱਖ-ਵੱਖ ਚੈਨਲ ਸਿੱਧੇ ਰੂਪ 'ਚ ਪ੍ਰਸਾਰਤ ਕਰਨਗੇ।