ਅਮਰੀਕਾ ''ਚ ਕੁੱਤੇ ਕਾਰਨ ਚੱਲੀਆਂ ਗੋਲੀਆਂ, 8 ਵਿਅਕਤੀ ਹੋਏ ਜ਼ਖ਼ਮੀ

11/09/2020 9:44:41 AM

ਵਾਸ਼ਿੰਗਟਨ- ਅਮਰੀਕਾ ਦੇ ਟੈਨੇਸੀ ਵਿਚ ਇਕ ਕੁੱਤੇ ਕਾਰਨ ਕੁਝ ਲੋਕਾਂ ਵਿਚਕਾਰ ਬਹਿਸ ਹੋ ਗਈ ਤੇ ਗੱਲ ਗੋਲੀਬਾਰੀ ਤੱਕ ਪੁੱਜ ਗਈ। ਗੋਲੀਬਾਰੀ ਕਾਰਨ 8 ਲੋਕ ਜ਼ਖਮੀ ਹੋ ਗਏ। 

ਨੈਸ਼ਵਿਲ ਪੁਲਸ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੇ ਹਨ। ਮੈਟਰੋਪੋਲੀਟਨ ਨੈਸ਼ਵਿਲ ਪੁਲਸ ਵਿਭਾਗ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਐਤਵਾਰ ਰਾਤ ਇਕ ਵਜੇ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਨੈਸ਼ਵਿਲ ਪੁਲਸ ਮੌਕੇ ‘ਤੇ ਪਹੁੰਚੀ।

ਦੱਸਿਆ ਜਾ ਰਿਹਾ ਹੈ ਕਿ ਕਿਸੇ ਜ਼ਖ਼ਮੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋ ਸ਼ੱਕੀ ਬਹਿਸ ਕਰ ਰਹੇ ਸਨ ਅਤੇ ਉਨ੍ਹਾਂ ਵਿਚੋਂ ਇਕ ਕੋਲ ਇਕ ਕੁੱਤਾ ਸੀ। ਜਿਸ ਵਿਅਕਤੀ ਕੋਲ ਕੁੱਤਾ ਸੀ, ਨੇ ਬੰਦੂਕ ਕੱਢ ਲਈ ਅਤੇ ਫਿਰ ਦੂਜਾ ਸ਼ੱਕੀ ਵਿਅਕਤੀ ਉੱਥੋਂ ਚਲਾ ਗਿਆ ਪਰ ਕੁਝ ਸਮੇਂ ਬਾਅਦ ਉਹ ਇਕ ਬੰਦੂਕ ਅਤੇ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਵਾਪਸ ਆਇਆ। ਇਸ ਤੋਂ ਬਾਅਦ ਦੋਵਾਂ ਪਾਸਿਓਂ ਗੋਲੀਆਂ ਚੱਲੀਆਂ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ਤੋਂ ਇਕ ਬੰਦੂਕ (ਹੈਂਡਗਨ) ਬਰਾਮਦ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Lalita Mam

This news is Content Editor Lalita Mam