ਪਿਤਾ ਨੂੰ ਮਿਲਣ ਲਈ ਸ਼ਖਸ ਨੇ 85 ਦਿਨਾਂ 'ਚ ਪਾਰ ਕੀਤਾ ਅਟਲਾਂਟਿਕ ਸਾਗਰ

06/29/2020 5:33:50 PM

ਬਿਊਨਸ ਆਯਰਸ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਕੰਮ ਕਰਨ ਦੀ ਤੇਜ਼ ਗਤੀ 'ਤੇ ਰੋਕ ਲਗਾ ਦਿੱਤੀ ਹੈ। ਇਕ ਪਾਸੇ ਜਿੱਥੇ ਲੋਕ ਘਰਾਂ ਵਿਚ ਕੈਦ ਹੋ ਗਏ ਹਨ ਤਾਂ ਕੁਝ ਲੋਕ ਪਰਿਵਾਰਾਂ ਤੋਂ ਕਾਫੀ ਦੂਰ ਵੀ ਫਸੇ ਹੋਏ ਹਨ। ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲੱਗੀ ਹੋਈ ਹੈ। ਸੜਕਾਂ 'ਤੇ ਵੀ ਆਵਾਜਾਈ ਪਹਿਲਾਂ ਦੇ ਮੁਕਾਬਲੇ ਘਟੀ ਹੈ। ਅਜਿਹੇ ਵਿਚ ਆਪਣੇ ਪਰਿਵਾਰ ਵਾਲਿਆਂ ਤੱਕ ਪਹੁੰਚਣ ਲਈ ਲੋਕ ਅਜੀਬੋ-ਗਰੀਬ ਢੰਗਾਂ ਦੀ ਵਰਤੋਂ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅਰਜਨਟੀਨਾ ਦੇ ਬਿਉਨਸ ਆਯਰਸ ਦਾ ਸਾਹਮਣੇ ਆਇਆ ਹੈ। 

ਕੋਰੋਨਾਵਾਇਰਸ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਅਰਜਨਟੀਨਾ ਵੱਲੋਂ ਵੀ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਜਿਹੇ ਵਿਚ ਇੱਥੇ ਰਹਿਣ ਵਾਲੇ ਜੁਆਨ ਮੈਨੁਅਨ ਬਾਲੇਸਟੀਰੋ ਇਕ ਟਾਪੂ 'ਤੇ ਫਸ ਗਏ। ਇਸ ਟਾਪੂ 'ਤੇ ਕੋਰੋਨਾਵਾਇਰਸ ਦਾ ਕੋਈ ਮਾਮਲਾ ਨਹੀਂ ਸੀ। ਪਰ ਜੁਆਨ ਨੇ ਇਸ ਟਾਪੂ ਨੂੰ ਛੱਡਣ ਦਾ ਫੈਸਲਾ ਲਿਆ। ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਅਜਿਹੇ ਸਮੇਂ ਵਿਚ ਉਹ ਆਪਣੇ ਪਰਿਵਾਰ ਦੇ ਨਾਲ ਰਹਿਣ। ਕੁਝ ਦਿਨਾਂ ਦੇ ਬਾਅਦ ਉਹਨਾਂ ਦੇ ਪਿਤਾ 90 ਸਾਲ ਦੇ ਹੋਣ ਵਾਲੇ ਸਨ। ਤਾਲਾਬੰਦੀ ਦੌਰਾਨ ਜੁਆਨ ਨੇ ਕਿਸੇ ਵੀ ਤਰ੍ਹਾਂ ਆਪਣੇ ਪਰਿਵਾਰ ਕੋਲ ਪਹੁੰਚਣ ਦਾ ਮਨ ਬਣਾਇਆ। ਇਸ ਮਗਰੋਂ ਉਹਨਾਂ ਨੇ ਇਕ ਛੋਟੀ ਜਿਹੀ 29 ਫੁੱਟ ਲੰਬੀ ਕਿਸ਼ਤੀ ਤਿਆਰ ਕੀਤੀ, ਉਸ ਵਿਚ ਖਾਣ-ਪੀਣ ਦੇ ਸਾਮਾਨ ਜੁਟਾਇਆ ਅਤੇ ਮਾਰਚ ਵਿਚ ਹੀ ਅਟਲਾਂਟਿਕ ਵਿਚ ਉਤਰ ਗਏ। 

ਜੁਆਨ ਨੇ ਜਦੋਂ ਅਟਲਾਂਟਿਕ ਮਹਾਸਾਗਰ ਦੇ ਰਸਤੇ ਆਪਣੇ ਪਿਤਾ ਕੋਲ ਜਾਣ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਦੋਸਤਾਂ ਨੇ ਮਨਾ ਕਰ ਦਿੱਤਾ। ਦੋਸਤਾਂ ਨੇ ਜੁਆਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਦੂਜੇ ਪਾਸੇ ਅਧਿਕਾਰੀਆਂ ਨੇ ਵੀ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਟਾਪੂ ਛੱਡ ਕੇ ਗਿਆ ਅਤੇ ਰਸਤੇ ਵਿਚ ਕਿਤੇ ਫਸ ਗਿਆ ਅਤੇ ਫਿਰ ਟਾਪੂ 'ਤੇ ਵਾਪਸ ਆਉਣ ਦੀ ਸੋਚੀ ਤਾਂ ਉਸ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿਚ ਵੀ ਉਸ ਨੂੰ ਵਾਪਸ ਪਰਤਣਾ ਪਵੇਗਾ। ਇਹਨਾਂ ਧਮਕੀਆਂ ਦੇ ਬਾਵਜੂਦ ਜੁਆਨ ਨਹੀਂ ਮੰਨੇ। ਉਹ ਆਪਣੀ ਯੋਜਨਾ ਮੁਤਾਬਕ ਯਾਤਰਾ 'ਤੇ ਨਿਕਲ ਗਏ।ਉੱਧਰ ਕਈ ਦਿਨਾਂ ਤੱਕ ਜੁਆਨ ਦੇ ਪਿਤਾ ਕਾਰਲੋਸ ਅਲਬਰਟੋ ਬਾਲੇਸਟੀਰੋ ਨੂੰ ਆਪਣੇ ਬੇਟੇ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਉਹ ਜਾਨਣਾ ਚਾਹ ਰਹੇ ਸੀ ਕਿ ਉਹਨਾਂ ਦਾ ਬੇਟਾ 50 ਦਿਨਾਂ ਤੱਕ ਕਿੱਥੇ ਰਿਹਾ। ਆਖਿਰ ਜੁਆਨ ਨੇ ਆਪਣੀ ਯਾਤਰਾ ਪੂਰੀ ਕੀਤੀ ਅਤੇ ਪਿਤਾ ਨਾਲ ਮਿਲੇ।

ਅਟਲਾਂਟਿਕ ਮਹਾਸਾਗਰ ਵਿਚ ਇਕ ਛੋਟੀ ਕਿਸ਼ਤੀ ਵਿਚ ਸਫਰ ਕਰਨਾ ਚੁਣੌਤੀਪੂਰਨ ਹੈ। ਇਕ ਮਹਾਮਾਰੀ ਦੇ ਦੌਰਾਨ ਜੁਆਨ ਨੂੰ ਇਹ ਯਾਤਰਾ ਕਰਨ ਵਿਚ ਕੁਝ ਵਾਧੂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੁਆਨ ਨੇ ਕਿਹਾ ਕਿ 12 ਅਪ੍ਰੈਲ ਨੂੰ ਕੇਪ ਵਰਡੇ ਵਿਚ ਅਧਿਕਾਰੀਆਂ ਨੇ ਉਸ ਨੂੰ ਭੋਜਨ ਅਤੇ ਬਾਲਣ ਦੀ ਸਪਲਾਈ ਬਹਾਲ ਕਰਨ ਲਈ ਟਾਪੂ ਰਾਸ਼ਟਰ ਵਿਚ ਇਜਾਜ਼ਤ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਉਸ ਕੋਲ ਲਿਜਾਣ ਲਈ ਲੋੜੀਂਦਾ ਭੋਜਨ ਸੀ। ਇਸ ਦੌਰਾਨ ਉਸ ਨੇ ਆਪਣੀ ਕਿਸ਼ਤੀ ਨੂੰ ਪੱਛਮ ਵੱਲ ਮੋੜ ਦਿੱਤਾ। ਉਸ ਦੇ ਕੋਲ ਬਾਲਣ ਵੀ ਘੱਟ ਸੀ ਉਦੋਂ ਉਹ ਆਪਣੇ ਘਰ ਦੇ ਕਿਨਾਰੇ ਤੱਕ ਪਹੁੰਚਣ ਲਈ ਹਵਾ ਦੀ ਦਿਸ਼ਾ 'ਤੇ ਹੀ ਨਿਰਭਰ ਸੀ। ਉਂਝ ਜੁਆਨ ਦੇ ਲਈ ਸਮੁੰਦਰ ਵਿਚ ਲੰਬਾ ਸਮਾਂ ਬਿਤਾਉਣਾ ਕੋਈ ਪਹਿਲੀ ਗੱਲ ਨਹੀਂ ਸੀ ਪਰ ਖੁੱਲ੍ਹੇ ਸਮੁੰਦਰ ਵਿਚ ਇਕੱਲੇ ਰਹਿਣਾ ਥੋੜ੍ਹਾ ਮੁਸ਼ਕਲ ਸੀ। ਇਕੱਲੇ ਲੰਬਾ ਸਫਰ ਕਰਨਾ ਤਾਂ ਸਭ ਤੋਂ ਅਨੁਭਵੀ ਮਲਾਹ ਲਈ ਵੀ ਮੁਸ਼ਕਲ ਹੋਵੇਗਾ। ਵੈਨੇਜ਼ੁਏਲਾ, ਸ਼੍ਰੀਲੰਕਾ, ਹਵਾਈ, ਬਾਲੀ, ਕੋਸਟਾ ਰੀਕਾ, ਬ੍ਰਾਜ਼ੀਲ, ਅਲਾਸਕਾ ਅਤੇ ਸਪੇਨ ਵਿਚ ਰੁਕਣ ਦੇ ਨਾਲ, ਜੁਆਨ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਸਮੁੰਦਰੀ ਜਹਾਜ਼ ਵਿਚ ਬਿਤਾਇਆ ਹੈ।

Vandana

This news is Content Editor Vandana