ਐਪਲ ਦੇ CEO ਨੂੰ ''ਟਿਮ ਐਪਲ'' ਆਖਣ ''ਤੇ ਫਸੇ ਟਰੰਪ

03/13/2019 11:06:26 PM

ਵਾਸ਼ਿੰਗਟਨ - ਐਪਲ ਦੇ ਸੀ. ਈ. ਓ. ਟਿਮ ਕੁੱਕ ਨੂੰ 'ਟਿਮ ਐਪਲ' ਕਹਿਣ 'ਤੇ ਘਿਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਬਚਾਅ ਕੀਤਾ ਹੈ। ਉਨ੍ਹਾਂ ਆਖਿਆ ਕਿ ਮੈਂ ਸਮਾਂ ਅਤੇ ਸ਼ਬਦ ਬਚਾਉਣ ਦੇ ਇਰਾਦੇ ਨਾਲ ਇਹ ਕੀਤਾ। ਟਰੰਪ ਨੇ ਅਮਰੀਕੀ ਕਰਮਚਾਰੀ ਨੀਤੀ ਸਲਾਹਕਾਰ ਬੋਰਡ ਦੀ ਬੈਠਕ 'ਚ ਉਦਯੋਗਪਤੀਆਂ ਨੂੰ ਸੰਬੋਧਿਤ ਕਰਦੇ ਹੋਏ ਦੇਸ਼ 'ਚ ਜ਼ਿਆਦਾ ਨਿਵੇਸ਼ ਕਰਨ ਲਈ ਕੁੱਕ ਦੀ ਤਰੀਫ ਕੀਤੀ ਸੀ ਅਤੇ ਉਨ੍ਹਾਂ ਨੂੰ 'ਟਿਮ ਐਪਲ' ਨਾਂ ਨਾਲ ਕਹਿ ਕੇ ਬੁਲਾਇਆ ਸੀ।
ਟਰੰਪ ਦੇ ਅਜਿਹਾ ਕਹਿਣ 'ਤੇ ਸ਼ੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਦਾ ਚੰਗਾ ਮਖੌਲ ਉਡਾਇਆ। ਟਰੰਪ ਨੇ ਜ਼ੁਬਾਨ ਫਿੱਸਲਣ ਵਾਲੇ ਪਲ ਨੂੰ ਰਿਕਾਰਡ ਕਰਨ ਨੂੰ ਲੈ ਕੇ ਮੀਡੀਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਇਹ 'ਫਰਜ਼ੀ ਖਬਰ ਅਪਜਾਨਜਨਕ ਹੈ।' ਟਰੰਪ ਨੇ ਸੋਮਵਾਰ ਨੂੰ ਟਵੀਟ 'ਚ ਕਿਹਾ ਕਿ ਹਾਲ ਹੀ 'ਚ ਉਦਯੋਗਪਤੀਆਂ ਦੀ ਰਾਊਂਡ ਟੇਬਲ ਬੈਠਕ 'ਚ ਮੈਂ ਐਪਲ ਦੇ ਸੀ. ਈ. ਓ. ਟਿਮ ਕੁੱਕ ਨੂੰ ਟਿਮ + ਐਪਲ ਦੇ ਰੂਪ 'ਚ ਸੰਬੋਧਿਤ ਕੀਤਾ। ਇਹ ਸਮਾਂ ਅਤੇ ਸ਼ਬਦ ਬਚਾਉਣ ਦਾ ਇਕ ਸੌਖਾ ਤਰੀਕਾ ਹੈ। ਇਸ 'ਤੇ ਕੀਤੀ ਗਈ ਫਰਜ਼ੀ ਖਬਰ ਅਣਗਹਿਲੀ ਸੀ ਅਤੇ ਇਹ ਟਰੰਪ ਦੀ ਇਕ ਹੋਰ ਬੁਰੀ ਕਹਾਣੀ ਬਣ ਗਈ।
ਟਰੰਪ ਦੇ ਇਸ ਸੰਬੋਧਨ ਤੋਂ ਬਾਅਦ ਟਿਮ ਕੁੱਕ ਨੇ ਟਵਿੱਟਰ 'ਤੇ ਆਪਣਾ ਨਾਂ ਬਦਲ ਲਿਆ ਹੈ। ਉਨ੍ਹਾਂ ਨੇ ਆਪਣੇ ਨਾਂ ਦੇ ਆਖਰੀ ਅੱਖਰ 'ਕੁੱਕ' ਦੀ ਥਾਂ ਐਪਲ ਦਾ ਇਮੋਜ਼ੀ ਲਾਇਆ ਹੈ। ਇਹ ਐਪਲ ਦਾ ਲੋਗੋ ਹੈ। ਜ਼ਿਕਰਯੋਗ ਹੈ ਕਿ ਟਰੰਪ ਉਪਨਾਮ (ਸਰਨੇਮ) ਅਤੇ ਗਲਤ ਨਾਂ ਬੋਲਣ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਐਮਾਜ਼ਨ ਦੇ ਜੈੱਫ ਬੋਜੇਸ ਨੂੰ ਜੈੱਫ ਬੋਜੋ ਅਤੇ ਲਾਕਹੀਡ ਮਾਰਟਿਨ ਦੇ ਸੀ. ਈ. ਓ. ਮੈਰੀਲਿਨ ਹੇਸਨ ਨੂੰ ਮੈਰੀਲਿਨ ਲਾਕਹੀਡ ਕਿਹਾ ਸੀ।

Khushdeep Jassi

This news is Content Editor Khushdeep Jassi