ਸ਼ਹਿਬਾਜ਼ ਸ਼ਰੀਫ ਨੇ ਭਾਰਤ ਨਾਲ ਸ਼ਾਂਤੀ ਗੱਲਬਾਤ ਦੀ ਕੀਤੀ ਅਪੀਲ

06/13/2018 10:41:21 AM

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਅਤੇ ਪੀ.ਐੱਮ.ਐੱਲ.-ਐੱਨ. ਮੁਖੀ ਸ਼ਹਿਬਾਜ਼ ਸ਼ਰੀਫ ਨੇ ਭਾਰਤ ਨੂੰ ਪਾਕਿਸਤਾਨ ਨਾਲ ਸ਼ਾਂਤੀ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਸਿੰਗਾਪੁਰ ਵਿਚ ਸ਼ਿਖਰ ਗੱਲਬਾਤ ਦੋਹਾਂ ਗੁਆਂਢੀ ਦੇਸ਼ਾਂ ਲਈ ਚੰਗੀ ਮਿਸਾਲ ਹੋਣੀ ਚਾਹੀਦੀ ਹੈ। ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਦਹਾਕਿਆਂ ਤੋਂ ਤਣਾਅਪੂਰਣ ਸੰਬੰਧਾਂ ਦੇ ਬਾਅਦ ਕੱਲ ਇਤਿਹਾਸਿਕ ਘਟਨਾਕ੍ਰਮ ਦੇ ਤਹਿਤ ਦੋਹਾਂ ਦੇਸ਼ਾਂ ਦੇ ਨੇਤਾ ਸਿੰਗਾਪੁਰ ਵਿਚ ਸ਼ਿਖਰ ਗੱਲਬਾਤ ਲਈ ਮਿਲੇ। ਜਿੱਥੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਨੇ ਅਮਰੀਕਾ ਵੱਲੋਂ ਸੁਰੱਖਿਆ ਗਾਰੰਟੀ ਦੇ ਬਦਲੇ ''ਪੂਰਨ ਪਰਮਾਣੂ ਨਿਸ਼ਸਤਰੀਕਰਣ'' ਦੀ ਦਿਸ਼ਾ ਵਿਚ ਕੰਮ ਕਰਨ ਦਾ ਵਾਅਦਾ ਕੀਤਾ। 
ਸ਼ਹਿਬਾਜ਼ ਸ਼ਰੀਫ ਨੇ ਟਵੀਟ ਕਰ ਕੇ ਕਿਹਾ,''ਕੋਰੀਆਈ ਯੁੱਧ ਸ਼ੁਰੂ ਹੋਣ ਦੇ ਬਾਅਦ ਦੋਵੇਂ ਦੇਸ਼ ਇਕ-ਦੂਜੇ ਦੇ ਰਸਤੇ ਵਿਚ ਰੁਕਾਵਟ ਪਾਉਂਦੇ ਰਹੇ ਹਨ। ਦੋਵੇਂ ਇਕ-ਦੂਜੇ ਵਿਰੁੱਧ ਆਪਣੇ ਪਰਮਾਣੂ ਹਥਿਆਰਾਂ ਦੇ ਨਾਲ ਮਿਲਟਰੀ ਬਲ ਦੀ ਵਰਤੋਂ ਦੀ ਧਮਕੀ ਦਿੰਦੇ ਰਹੇ ਹਨ।'' ਉਨ੍ਹਾਂ ਨੇ ਕਿਹਾ,''ਜੇ ਅਮਰੀਕਾ ਅਤੇ ਉੱਤਰੀ ਕੋਰੀਆ ਸ਼ਾਂਤੀ ਲਈ ਗੱਲਬਾਤ ਕਰ ਸਕਦੇ ਹਨ ਤਾਂ ਪਾਕਿਸਤਾਨ ਤੇ ਭਾਰਤ ਅਜਿਹਾ ਕਿਉਂ ਨਹੀਂ ਕਰ ਸਕਦੇ। ਇਸ ਦੀ ਸ਼ੁਰੂਆਤ ਕਸ਼ਮੀਰ 'ਤੇ ਗੱਲਬਾਤ ਨਾਲ ਹੋਵੇ, ਜਿੱਥੋਂ ਦੇ ਬਹਾਦੁਰ ਲੋਕ ਭਾਰਤ ਦੇ ਕਬਜ਼ੇ ਦਾ ਵਿਰੋਧ ਕਰਦੇ ਰਹੇ ਹਨ।'' ਉਨ੍ਹਾਂ ਨੇ ਕਿਹਾ,''ਇਹ ਸਮਾਂ ਸਾਡੇ ਖੇਤਰ ਵਿਚ ਵੱਡੇ ਪੱਧਰ 'ਤੇ ਸ਼ਾਂਤੀ ਲਈ ਗੱਲਬਾਤ ਦਾ ਹੈ। ਅੰਤਰ ਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ 'ਤੇ ਧਿਆਨ ਲਗਾਉਣਾ ਚਾਹੀਦਾ ਹੈ। ਕਸ਼ਮੀਰ 'ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਗੱਲਬਾਤ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਤਾਂ ਜੋ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕੀਤਾ ਜਾ ਸਕੇ।'' 
ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ ਦੇ ਉਲਟ ਸ਼ਹਿਬਾਜ਼ ਸ਼ਰੀਫ ਦਾ ਭਾਰਤ 'ਤੇ ਦਿੱਤਾ ਬਿਆਨ ਦੁਰਲੱਭ ਹੈ। ਪਾਕਿਸਤਾਨ ਦੇ ਕਈ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਨਵਾਜ਼ ਸ਼ਰੀਫ ਨੂੰ ਅਹੁਦੇ ਤੋਂ ਹਟਾਉਣ ਦੇ ਪਿੱਛੇ ਭਾਰਤ ਨਾਲ ਸੰਬੰਧਾਂ ਨੂੰ ਸਧਾਰਨ ਕਰਨ ਦੀਆਂ ਕੋਸ਼ਿਸ਼ਾਂ ਵੀ ਇਕ ਕਾਰਨ ਸਨ। ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼ਹਿਬਾਜ਼ ਨੇ ਇਹ ਵੀ ਕਿਹਾ ਕਿ ਭਾਰਤ ਦੋਹਾਂ ਦੇਸ਼ਾਂ ਵਿਚਕਾਰ ਪਹਿਲੇ ਚੱਲ ਰਹੇ ਤਣਾਆਂ ਨੂੰ ਪਿੱਛੇ ਛੱਡ ਦੇਵੇ ਅਤੇ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰੇ। ਉਨ੍ਹਾਂ ਨੇ ਕਿਹਾ,''ਅਮਰੀਕਾ ਅਤੇ ਉੱਤਰੀ ਕੋਰੀਆ ਦੀ ਗੱਲਬਾਤ ਪਾਕਿਸਤਾਨ ਤੇ ਭਾਰਤ ਲਈ ਆਦਰਸ਼ ਹੋਣਾ ਚਾਹੀਦੀ ਹੈ। ਜੇ ਉਹ ਇਕ-ਦੂਜੇ ਵਿਰੁੱਧ ਹਮਲਾ ਕਰਨ ਦੀ ਆਪਣੀ ਪਹਿਲਾਂ ਦੀ ਦੁਸ਼ਮਣੀ ਤੋਂ ਪਿੱਛੇ ਹੱਟ ਸਕਦੇ ਹਨ ਤਾਂ ਪਾਕਿਸਤਾਨ ਤੇ ਭਾਰਤ ਵੀ ਗੱਲਬਾਤ ਜ਼ਰੀਏ ਕੋਈ ਹੱਲ ਕੱਢ ਸਕਦੇ ਹਨ।'' ਉਨ੍ਹਾਂ ਨੇ ਕਿਹਾ ਕਿ ਜੇ ਚੋਣਾਂ ਮਗਰੋਂ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਹ ਅਫਗਾਨਿਸਤਾਨ 'ਤੇ ਫੋਕਸ ਕਰਨ ਦੇ ਨਾਲ-ਨਾਲ ਖੇਤਰ ਵਿਚ ਸ਼ਾਂਤੀ ਨੂੰ ਵਧਾਵਾ ਦੇਣਗੇ।


Related News