ਗੁਤੇਰਸ ਨੇ ਫਿਲਪੀਨਜ਼ ''ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

01/28/2019 10:02:25 AM

ਨਿਊਯਾਰਕ(ਭਾਸ਼ਾ)— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਫਿਲਪੀਨਜ਼ 'ਚ ਐਤਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਫਿਲਪੀਨਜ਼ ਸਰਕਾਰ ਅਤੇ ਉੱਥੇ ਦੀ ਜਨਤਾ ਲਈ ਸੰਯੁਕਤ ਰਾਸ਼ਟਰ ਵਲੋਂ ਸਹਿਯੋਗ ਦੇਣ ਦੀ ਗੱਲ ਆਖੀ ਹੈ। ਗੁਤੇਰਸ ਦੇ ਉਪ-ਬੁਲਾਰੇ ਫਰਹਾਨ ਹੱਕ ਨੇ ਐਤਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ,'' ਜਨਰਲ ਸਕੱਤਰ ਨੇ 27 ਜਨਵਰੀ ਨੂੰ ਫਿਲਪੀਨਜ਼ ਦੇ ਸੁਲੁ ਸੂਬੇ ਦੇ ਜੋਲੋ ਸਥਿਤ ਚਰਚ 'ਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਨੇ ਹਮਲੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ ਹੈ।''


ਬਿਆਨ 'ਚ ਕਿਹਾ ਗਿਆ,''ਗੁਤੇਰਸ ਨੇ ਸੰਯੁਕਤ ਰਾਸ਼ਟਰ ਫਿਲਪੀਨਜ਼ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਦੀ ਅੱਤਵਾਦ ਅਤੇ ਕੱਟੜਪੰਥ ਖਿਲਾਫ ਲੜਾਈ 'ਚ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਗੱਲ ਦੋਹਰਾਈ ਹੈ।'' ਜ਼ਿਕਰਯੋਗ ਹੈ ਕਿ ਐਤਵਾਰ ਦੀ ਸਵੇਰ ਫਿਲਪੀਨਜ਼ ਦੇ ਦੱਖਣੀ-ਪੱਛਮੀ ਸੂਬੇ ਸੁਲੁ ਦੇ ਜੋਲੋ ਸਥਿਤ ਇਕ ਚਰਚ 'ਚ ਦੋ ਭਿਆਨਕ ਬੰਬ ਧਮਾਕਿਆਂ 'ਚ ਘੱਟ ਤੋਂ ਘੱਟ 20 ਲੋਕ ਮਾਰੇ ਗਏ। ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।


Related News