ਕੋਵਿਡ-19 ਦੇ ਵਾਇਰਸ ‘ਸਾਰਸ ਕੋਵੀ-2’ ਨੂੰ ਬੇਅਸਰ ਕਰਨ ਵਾਲੀ ਐਂਟੀਬਾਡੀ ਮਿਲੀ

09/16/2020 3:29:02 AM

ਵਾਸ਼ਿੰਗਟਨ : ਕੋਰੋਨਾ ਵਾਇਰਸ ਨਾਲ ਮੁਕਾਬਲੇ ਦੀ ਦਿਸ਼ਾ 'ਚ ਭਾਰਤਵੰਸ਼ੀ ਸਮੇਤ ਵਿਗਿਆਨੀਆਂ ਦੇ ਇੱਕ ਦਲ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਨੇ ਹੁਣ ਤੱਕ ਦੇ ਸਭ ਤੋਂ ਛੋਟੇ ਆਕਾਰ ਦੀ ਐਂਟੀਬਾਡੀ ਦੀ ਪਛਾਣ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਛੋਟੇ ਆਕਾਰ ਵਾਲਾ ਇਹ ਜੈਵਿਕ ਅਣੂ ਕੋਵਿਡ-19 ਦਾ ਕਾਰਨ ਬਣਨ ਵਾਲੇ ਸਾਰਸ ਕੋਵੀ-2 ਵਾਇਰਸ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਸਕਦਾ ਹੈ।
‘ਸੈਲ’ ਪਤ੍ਰਿਕਾ 'ਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ, ਆਮ ਆਕਾਰ ਦੀ ਐਂਟੀਬਾਡੀ ਦੀ ਤੁਲਨਾ 'ਚ ਦੱਸ ਗੁਣਾ ਛੋਟੇ ਆਕਾਰ ਦੇ ਇਸ ਅਣੂ ਦਾ ਇਸਤੇਮਾਲ ਏ.ਬੀ. 8 ਨਾਮਕ ਦਵਾਈ ਨੂੰ ਬਣਾਉਣ 'ਚ ਕੀਤਾ ਗਿਆ ਹੈ। ਇਸ ਦਵਾਈ ਦਾ ਇਸਤੇਮਾਲ ਸਾਰਸ-ਕੋਵੀ-2 ਖਿਲਾਫ ਕੀਤਾ ਜਾ ਸਕਦਾ ਹੈ।
ਭਾਰਤੀ ਮੂਲ ਦੇ ਸ਼੍ਰੀਰਾਮ ਸੁਬਰਾਮਣੀਅਮ ਸਮੇਤ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੇ ਪ੍ਰੀਖਣ 'ਚ ਸਾਰਸ-ਕੋਵੀ-2 ਤੋਂ ਪੀੜਤ ਚੂਹੇ 'ਤੇ ਏ.ਬੀ. 8 ਦਵਾਈ ਨੂੰ ਟੈਸਟ ਕੀਤਾ ਹੈ। ਉਨ੍ਹਾਂ ਨੇ ਇਨਫੈਕਸ਼ਨ ਦੀ ਰੋਕਥਾਮ ਅਤੇ ਇਲਾਜ 'ਚ ਇਸ ਦਵਾਈ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਸ਼ਾਲੀ ਪਾਇਆ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਛੋਟਾ ਆਕਾਰ ਹੋਣ ਕਾਰਨ ਇਹ ਅਣੂ ਕੋਰੋਨਾ ਵਾਇਰਸ ਨੂੰ ਬੇਅਸਰ ਕਰਨ 'ਚ ਟਿਸ਼ੂ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਹ ਦਵਾਈ ਮਨੁੱਖੀ ਕੋਸ਼ਿਕਾਵਾਂ ਨਾਲ ਜੁੜਦੀ ਨਹੀਂ ਹੈ, ਜੋ ਇੱਕ ਵਧੀਆ ਸੰਕੇਤ ਹੈ। ਇਸ ਨਾਲ ਲੋਕਾਂ 'ਤੇ ਕਿਸੇ ਗਲਤ ਪ੍ਰਭਾਵ ਦਾ ਖ਼ਤਰਾ ਨਾ ਦੇ ਬਰਾਬਰ ਹੈ।

ਕੋਰੋਨਾ ਖਿਲਾਫ ਪ੍ਰਭਾਵਸ਼ਾਲੀ ਇਲਾਜ ਬਣ ਸਕਦੀ ਹੈ ਛੋਟੀ ਐਂਟੀਬਾਡੀ
ਇਸ ਅਧਿਐਨ ਨਾਲ ਜੁੜੇ ਅਮਰੀਕਾ ਦੀ ਪਿਟਸਬਰਗ ਯੂਨੀਵਰਸਿਟੀ ਦੇ ਖੋਜਕਰਤਾ ਜਾਨ ਮੇਲਰਸ ਦਾ ਕਹਿਣਾ ਹੈ ਕਿ ਏ.ਬੀ. 8 'ਚ ਨਾ ਸਿਰਫ ਕੋਵਿਡ-19 ਦਾ ਇਲਾਜ ਕਰਨ ਦੀ ਸਮਰੱਥਾ ਹੈ ਸਗੋਂ ਇਸਦੇ ਇਸਤੇਮਾਲ ਨਾਲ ਲੋਕਾਂ ਨੂੰ ਇਨਫੈਕਸ਼ਨ ਤੋਂ ਵੀ ਬਚਾਇਆ ਜਾ ਸਕਦਾ ਹੈ। ਵੱਡੇ ਆਕਾਰ ਦੀ ਐਂਟੀਬਾਡੀ ਹੋਰ ਛੂਤ ਦੀਆਂ ਬਿਮਾਰੀਆਂ ਖਿਲਾਫ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਛੋਟੀ ਐਂਟੀਬਾਡੀ ਕੋਰੋਨਾ ਖਿਲਾਫ ਇੱਕ ਪ੍ਰਭਾਵਸ਼ਾਲੀ ਇਲਾਜ ਬਣ ਸਕਦੀ ਹੈ।
 

Inder Prajapati

This news is Content Editor Inder Prajapati