ਕੋਰੋਨਾਵਾਇਰਸ ਨਾਲ ਲੜ ਰਹੀ ਦੁਨੀਆ ’ਤੇ ਮੰਡਰਾ ਰਿਹੈ ਇਕ ਹੋਰ ਖਤਰਾ

04/14/2020 4:55:33 AM

ਨਵੀਂ ਦਿੱਲੀ - ਇਕ ਪਾਸੇ ਜਿਥੇ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ ਉਥੇ ਹੀ ਰੂਸ ਦੀ ਜ਼ਮੀਨ ਤੋਂ ਦੁਨੀਆ ’ਤੇ ਇਕ ਨਵਾਂ ਸੰਕਟ ਮੰਡਰਾ ਰਿਹਾ ਹੈ, ਜਿਸ ’ਚ ਮਹਾਸ਼ਕਤੀਆਂ ਆਹਮੋ-ਸਾਹਮਣੇ ਹੋ ਰਹੀਆਂ ਹਨ। ਇਸ ਦੀ ਵਜ੍ਹਾ ਬਣ ਸਕਦੀਆਂ ਹਨ ਰੂਸ ਦੀਆਂ ਯੁਕ੍ਰੇਨ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ। ਰੂਸ ਅਤੇ ਯੁਕ੍ਰੇਨ ’ਚ ਜਾਰੀ ਤਾਜ਼ਾ ਘਟਨਾਵਾਂ ਕੌਮਾਂਤਰੀ ਤਾਕਤਾਂ ਵਿਚਾਲੇ ਤਣਾਅ ਪੈਦਾ ਕਰ ਸਕਦੀਆਂ ਹਨ। ਇਸ ਦੇ ਪਿੱਛੇ ਕਾਰਣ ਰੂਸੀ ਸੈਨਾ ’ਚ ਕਰੀਮਿਆ ਦੇ ਨੌਜਵਾਨਾਂ ਦੀ ਭਰਤੀ ਹੈ। ਹਾਲ ਹੀ ’ਚ ਟਵਿਟਰ ’ਤੇ ਪੋਸਟ ਹੋਏ ਇਕ ਟਵੀਟ ’ਚ ਬ੍ਰਿਟੇਨ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਯੁਕ੍ਰੇਨੀ ਇਲਾਕੇ ’ਤੇ ਜਾਰੀ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਤੁਰੰਤ ਖਤਮ ਕਰੇ। ਟਵਿਟਰ ’ਤੇ ਇਹ ਟਵੀਟ ਯੂ. ਕੇ. ਅੰਬੈਸੀ ਨੇ ਕੀਤਾ ਹੈ।

ਜ਼ਿਕਰਯੋਗ ਹੈ ਕਿ ਯੁਕ੍ਰੇਨ ਦੇ ਵਿਦੇਸ਼ ਮੰਤਰਾਲਾ ਅਨੁਸਾਰ ਰੂਸ ਕਰੀਮਿਆ ਟਾਪੂ ਤੋਂ 3300 ਨੌਜਵਾਨਾਂ ਨੂੰ ਗੜਬੜੀ ਫੈਲਾਉਣ ਦੇ ਮਕਸਦ ਨਾਲ ਯੂਕ੍ਰੇਨ ਦੇ ਡੋਨਬਾਸ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਬ੍ਰਿਟੇਨ ਨੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ।

ਕਈ ਵਾਰ ਰੂਸ ਦਾ ਹਿੱਸਾ ਰਹਿ ਚੁੱਕਾ ਹੈ ਯੁਕ੍ਰੇਨ

ਇਤਿਹਾਸ ਦੇ ਝਰੋਖੇ ’ਚ ਦੇਖੀਏ ਤਾਂ ਯੁਕ੍ਰੇਨ ਕਈ ਵਾਰ ਰੂਸ ਦਾ ਹਿੱਸਾ ਬਣਿਆ ਅਤੇ ਕਈ ਅੰਦੋਲਨਾਂ/ਲੜਾਈਆਂ ਤੋਂ ਬਾਅਦ ਖੁਦਮੁਖਤਿਆਰੀ ਵਾਲਾ ਸੂਬਾ ਬਣਿਆ। 1991 ’ਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਯੁਕ੍ਰੇਨ ਨੂੰ ਆਜ਼ਾਦੀ ਮਿਲੀ ਸੀ।

- ਇਤਿਹਾਸਿਕ ਪਿੱਠਭੂਮੀ ’ਚ ਜਾਈਏ ਤਾਂ ਨੌਵੀਂ ਸਦੀ ’ਚ ਕੀਵਆਈ ਰੂਸ ਦੀ ਸਥਾਪਨਾ ਹੋਈ ਸੀ, ਜੋ ਕਿ ਪਹਿਲਾਂ ਵੱਡਾ ਪੂਰਬੀ ਸਲਾਵ ਸੂਬਾ ਸੀ। ਇਤਿਹਾਸਕਾਰਾਂ ਅਨੁਸਾਰ ਵਾਈਕਿੰਗ ਨੇਤਾ ਓਲੇਗ ਨੇ ਇਸ ਦੀ ਸਥਾਪਨਾ ਕੀਤੀ ਸੀ, ਜੋ ਕਿ ਨੋਵਗਰੋਧ ਦੇ ਸ਼ਾਸਕ ਸਨ। ਉਨ੍ਹਾਂ ਨੇ ਪਹਿਲਾਂ ਕੀਵ ’ਤੇ ਕਬਜ਼ਾ ਕੀਤਾ।

- 13ਵੀਂ ਸਦੀ ਦੀ ਸ਼ੁਰੂਆਤ ’ਚ ਰੂਸੀ ਸੂਬਿਆਂ ’ਤੇ ਮੰਗੋਲਾਂ ਦੇ ਹਮਲੇ ਨਾਲ ਕਈ ਸ਼ਹਿਰ ਤਬਾਹ ਹੋ ਗਏ ਅਤੇ ਕੀਵ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ ਗਿਆ।

- 14ਵੀਂ ਅਤੇ 15ਵੀਂ ਸਦੀ ’ਚ ਪੋਲੈਂਡ ਅਤੇ ਬਾਅਦ ’ਚ ਪਾਲਿਸ਼-ਲਿਥੁਆਨਿਆਈ ਰਾਸ਼ਟਰ ਮੰਡਲ ਨੇ ਹੌਲੀ-ਹੌਲੀ ਅੱਜ ਦੇ ਯੁਕ੍ਰੇਨ ਦੇ ਉੱਤਰੀ ਅਤੇ ਪੱਛਮੀ ਹਿੱਸੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

- 1680 ’ਚ ਰੂਸ ਅਤੇ ਪੋਲੈਂਡ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਦੇ ਤਹਿਤ ਹੇਤਮਨ ਮਤਲਬ ਅੱਜ ਦੇ ਯੁਕ੍ਰੇਨ ਨੂੰ ਵੰਡ ਲਿਆ ਗਿਆ।

- 1764 ’ਚ ਰੂਸ ਨੇ ਪੂਰਬੀ ਹੇਤਮਨ ਸ਼ਾਸਨ ਵਿਵਸਥਾ ਨੂੰ ਭੰਗ ਕਰ ਦਿੱਤਾ ਅਤੇ ਇਥੇ ਰੂਸ ਦਾ ਅੰਸ਼ਿਕ ਤੌਰ ’ਤੇ ਪ੍ਰਸ਼ਾਸਨ ਚਲਾ ਦਿੱਤਾ ਕਿਉਂਕਿ 1781 ਤੱਕ ਪੂਰੀ ਤਰ੍ਹਾਂ ਇਸ ਦਾ ਰੂਸ ’ਚ ਰਲੇਵਾਂ ਨਹੀਂ ਹੋਇਆ ਸੀ।

- 18ਵੀਂ ਸਦੀ ’ਚ ਪੋਲੈਂਡ ਦੀ ਵੰਡ ਹੋ ਗਈ। ਪੂਰਬੀ ਯੁਕ੍ਰੇਨ ਦਾ ਜ਼ਿਆਦਾਤਰ ਹਿੱਸਾ ਪੋਲੈਂਡ ਦੀ ਵੰਡ ਤੋਂ ਬਾਅਦ ਰੂਸੀ ਸਾਮਰਾਜ ’ਚ ਸ਼ਾਮਲ ਕਰ ਲਿਆ ਗਿਆ।

- ਜਦੋਂ ਰੂਸੀ ਸਾਮਰਾਜ ਦਾ ਪਤਨ ਹੋਇਆ ਤਾਂ 1917 ’ਚ ਕੀਵ ਵਿਚ ਕੇਂਦਰੀ ਰਾਦਾ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਅਤੇ 1918 ਵਿਚ ਯੁਕ੍ਰੇਨ ਨੇ ਆਜ਼ਾਦੀ ਦਾ ਐਲਾਨ ਕਰ ਦਿੱਤਾ ਹੈ। 1921 ’ਚ ਰੂਸ ਦੀ ਰੈੱਡ ਆਰਮੀ ਨੇ ਦੋ-ਤਿਹਾਈ ਯੁਕ੍ਰੇਨ ਨੂੰ ਜਿੱਤ ਲਿਆ ਅਤੇ ਯੁਕ੍ਰੇਨਿਨ ਸੋਵੀਅਤ ਸਪੈਸ਼ਲਿਸਟ ਰਿਪਬਲਿਕਨ ਦੀ ਸਥਾਪਨਾ ਕਰ ਦਿੱਤੀ। ਯੁਕ੍ਰੇਨ ਦਾ ਇਕ ਤਿਹਾਈ ਬਚਿਆ ਹੋਇਆ ਹਿੱਸਾ ਪੋਲੈਂਡ ’ਚ ਸ਼ਾਮਲ ਹੋ ਗਿਆ।

 - 1941 ’ਚ ਯੁਕ੍ਰੇਨ ’ਤੇ ਨਾਜ਼ੀਆ ਨੇ ਕਬਜ਼ਾ ਕਰ ਲਿਆ।

- 1954 ’ਚ ਸੋਵੀਅਤ ਨੇਤਾ ਨਿਕਿਤਾ ਖਰੂਸ਼ਚੇਵ ਨੇ ਕਰੀਮਿਆਈ ਟਾਪੂ ਨੂੰ ਯੁਕ੍ਰੇਨ ’ਚ ਸ਼ਾਮਲ ਕਰ ਦਿੱਤਾ।

- 1991 ’ਚ ਮਾਸਕੋ ’ਚ ਤਖਤਾ ਪਲਟ ਦੀ ਕੋਸ਼ਿਸ਼ ਹੋਈ। ਇਸ ਤੋਂ ਬਾਅਦ ਯੁਕ੍ਰੇਨ ਨੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ।

ਯੁਕ੍ਰੇਨ ਨੂੰ ਕਿਉਂ ਹੜੱਪਣਾ ਚਾਹੁੰਦਾ ਹੈ ਰੂਸ

6,03,628 ਵਰਗ ਕਿਲੋਮੀਟਰ ’ਚ ਫੈਲੇ ਯੁਕ੍ਰੇਨ ਦਾ ਇਕ ਪਾਸੇ ਤਾਂ ਉਪਜਾਊ ਮੈਦਾਨੀ ਇਲਾਕਾ ਹੈ ਉਥੇ ਹੀ ਦੂਸਰੇ ਪਾਸੇ ਪੂਰਬ ’ਚ ਵੱਡੇ ਉਦਯੋਗ ਹਨ ਅਤੇ ਡੋਨਬਾਸ ਕੋਲ ਬੇਸਿਨ ਹੈ। ਉਂਝ ਤਾਂ ਯੁਕ੍ਰੇਨ ਅਤੇ ਰੂਸ ਦੀ ਸਥਾਪਨਾ ਦਾ ਇਤਿਹਾਸ ਇਕੋ ਜਿਹਾ ਹੈ ਪਰ ਇਥੋਂ ਦੇ ਪੱਛਮੀ ਹਿੱਸੇ ਦਾ ਯੂਰਪੀ ਗੁਆਂਢੀ ਦੇਸ਼ਾਂ ਖਾਸ ਕਰ ਕੇ ਪੋਲੈਂਡ ਨਾਲ ਜ਼ਿਆਦਾ ਨਜ਼ਦੀਕੀ ਰਿਸ਼ਤਾ ਹੈ। ਯੁਕ੍ਰੇਨ ਦੇ ਪੱਛਮੀ ਹਿੱਸੇ ’ਚ ਰਾਸ਼ਟਰਵਾਦੀ ਭਾਵਨਾ ਵੀ ਜ਼ਿਆਦਾ ਹੈ ਪਰ ਯੁਕ੍ਰੇਨ ’ਚ ਰੂਸੀ ਭਾਸ਼ਾ ਬੋਲਣ ਵਾਲੇ ਲੋਕ ਵੀ ਵੱਡੀ ਗਿਣਤੀ ’ਚ ਹਨ। ਉਦਯੋਗਿਕ ਤੌਰ ’ਤੇ ਵਿਕਸਤ ਪੂਰਬੀ ਇਲਾਕੇ ’ਚ ਇਸ ਦੀ ਵਸੋਂ ਜ਼ਿਆਦਾ ਹੈ। ਰੂਸ ਅਤੇ ਯੁਕ੍ਰੇਨ ਦੇ ਵਿਚਾਲੇ ਵਿਵਾਦ ਦੀ ਸ਼ੁਰੂਆਤ 6 ਸਾਲ ਪਹਿਲਾਂ ਹੋਈ ਸੀ।

ਰੂਸ ਦੀ ਵਿਵਸਥਾਵਾਦੀ ਨੀਤੀ

ਰਾਸ਼ਟਰਪਤੀ ਵਾਲਿਦਮੀਰ ਪੁਤਿਨ ਦੀ ਅਗਵਾਈ ’ਚ ਰੂਸ ਆਪਣੀ ਵਿਵਸਥਾਵਾਦੀ ਨੀਤੀ ਨੂੰ ਲਗਾਤਾਰ ਵਧਾ ਰਿਹਾ ਹੈ। ਇਕ ਸਮੇਂ ਸੋਵੀਅਤ ਸੰਘ ਤੋਂ ਵੱਖ ਹੋਏ ਸੂਬਿਆਂ ’ਤੇ ਰੂਸ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕੜੀ ਦੇ ਤਹਿਤ ਰੂਸ ਯੁਕ੍ਰੇਨ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕਾਨੂੰਨੀ ਅਤੇ ਗੈਰ-ਕਾਨੂੰਨੀ ਪ੍ਰਕਿਰਿਆਵਾਂ ਅਪਣਾਈਆਂ ਜਾ ਰਹੀਆਂ ਹਨ। ਯੁਕ੍ਰੇਨ ਦੇ ਕੁਝ ਲੋਕ ਰੂਸ ’ਚ ਸ਼ਾਮਲ ਹੋਣਾ ਚਾਹੁੰਦੇ ਹਨ ਜਦਕਿ ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਪਿਛਲੇ ਸਾਲ ਇਸ ਸਬੰਧੀ ਛਪੇ ਇਕ ਸਰਵੇਖਣ ਅਨੁਸਾਰ ਮਾਰਚ 2014 ਤੋਂ ਯੁਕ੍ਰੇਨ ਨੇ ਡੋਨਬਾਸ ਦੇ ਦੋਨੇਤਸਕ ਅਤੇ ਲੋਹਾਂਸਕ ਸੂਬਿਆਂ ਦੇ ਜ਼ਿਆਦਾਤਰ ਲੋਕਾਂ ਨੇ ਫੈਡਰੇਸ਼ਨ ਦਾ ਹਿੱਸਾ ਬਣਨ ਦੀ ਇੱਛਾ ਜ਼ਾਹਿਰ ਕੀਤੀ ਹੈ। ਯੁਕ੍ਰੇਨ ਦੇ ਕਰੀਮਿਆਈ ਟਾਪੂ ਨੂੰ ਰੂਸ 6 ਸਾਲ ਪਹਿਲਾਂ ਹੜੱਪ ਚੁੱਕਾ ਹੈ ਅਤੇ ਬੀਤੇ 6 ਸਾਲ ਤੋਂ ਡੋਨਬਾਸ ਸੂਬੇ ਨੂੰ ਆਪਣੇ ਕਬਜ਼ੇ ’ਚ ਲੈਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਰਸ਼ੀਅਨ ਫੈਡਰੇਸ਼ਨ ਦੇ ਸਰਵੇ ’ਚ ਜ਼ਿਆਦਾਤਰ ਲੋਕਾਂ ਨੇ ਰੂਸ ਨਾਲ ਜਤਾਈ ਸਹਿਮਤੀ

ਰੂਸ ਦੇ ਲੋਕ ਯੁਕ੍ਰੇਨੀਅਨ ਡੋਨਬਾਸ ਨੂੰ ਰੂਸ ’ਚ ਮਿਲਾਉਣਾ ਪਸੰਦ ਕਰਦੇ ਹਨ। ਰਸ਼ੀਅਨ ਫੈਡਰੇਸ਼ਨ ਵੱਲੋਂ ਡੋਨਬਾਸ ’ਚ ਕਰਵਾਏ ਗਏ ਇਕ ਸਰਵੇਖਣ ਮੁਤਾਬਕ 48 ਫੀਸਦੀ ਲੋਕ ਰੂਸ ਦੇ ਕਰੀਮਿਆ ਨੂੰ ਹੜੱਪਣ ਤੋਂ ਬਾਅਦ ਜਲਦੀ ਹੀ ਯੁਕ੍ਰੇਨ ਦੇ ਜ਼ਿਆਦਾਤਰ ਹਿੱਸੇ ਨੂੰ ਆਪਣੇ ਨਾਲ ਮਿਲਾਉਣ ਦੇ ਹੱਕ ’ਚ ਹਨ, ਜਦਕਿ 27 ਫੀਸਦੀ ਯੁਕ੍ਰੇਨੀਅਨ ਇਸ ਦੇ ਖਿਲਾਫ ਹਨ। ਸਰਵੇਖਣ 50 ਵਿਸ਼ਿਆਂ ਨੂੰ ਲੈ ਕੇ ਕੀਤਾ ਗਿਆ ਸੀ। ਇਸ ਪ੍ਰਕਿਰਿਆ ਦਾ ਇਕ ਸਿੱਧਾ-ਸਾਦਾ ਸਬੰਧ ਇਹ ਹੈ ਕਿ ਯੁਕ੍ਰੇਨ ਦੇ ਨਿਵਾਸੀ, ਪਹਿਲਾਂ ਪੜਾਅ ’ਚ ਦੋਨੇਤਸਕ ਅਤੇ ਲੋਹਾਂਸਕ ਸੂਬਿਆਂ ਦੇ ਲੋਕ ਰੂਸ ਦੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਨ।

ਇਸ ’ਚ 77 ਫੀਸਦੀ ਲੋਕਾਂ ਨੇ ਪੂਰੀ ਤਰ੍ਹਾਂ ਸਹਿਮਤੀ ਜਤਾਈ ਕਿ ਇਹ ਪ੍ਰਸਤਾਵ ਇਸ ਗੱਲ ਲਈ ਪ੍ਰੇਰਿਤ ਕਰਦਾ ਹੈ ਕਿ ਜੰਗ ਦੀ ਸਥਿਤੀ ’ਚ ਰਹਿ ਰਹੇ ਲੋਕਾਂ ਨੂੰ ਇਸ ਨਾਲ ਮਦਦ ਮਿਲੇਗੀ। ਉਥੇ ਹੀ 59 ਫੀਸਦੀ ਲੋਕਾਂ ਦੀ ਇੱਛਾ ਹੈ ਕਿ ਰੂਸ ਦਾ ਪ੍ਰਭਾਵ ਯੁਕ੍ਰੇਨ ਦੇ ਪੂਰਬੀ ਹਿੱਸਿਆਂ ’ਚ ਪਵੇ। 69 ਫੀਸਦੀ ਬੁਨਿਆਦੀ ਤੌਰ ’ਤੇ ਇਸ ਪ੍ਰਸਤਾਵ ਦਾ ਸਮਰਥਨ ਕਰਦੇ ਹਨ ਅਤੇ 36 ਫੀਸਦੀ ਦੇਖਦੇ ਹਨ ਕਿ ਇਸ ਨਾਲ ਰੂਸ ਦੇ ਬਜਟ ’ਤੇ ਬੋਝ ਪਵੇਗਾ ਜਦਕਿ 26 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਰੂਸ ਅਤੇ ਯੁਕ੍ਰੇਨ ਦਾ ਸਮਰਥਨ ਕਰਨ ਵਾਲੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਵਧੇਗਾ।

Khushdeep Jassi

This news is Content Editor Khushdeep Jassi