ਪਾਕਿਸਤਾਨ ''ਚ ਇਕ ਹੋਰ ਹਿੰਦੂ ਲੜਕੀ ਅਗਵਾ, ਜ਼ਬਰੀ ਕਰਵਾਇਆ ਧਰਮ ਪਰਿਵਰਤਨ

10/10/2019 2:48:30 PM

ਇਸਲਾਮਾਬਾਦ— ਪਾਕਿਸਤਾਨ 'ਚ ਆਏ ਦਿਨ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ 'ਚ ਕੁਝ ਮੁਸਲਮਾਨ ਨੌਜਵਾਨਾਂ ਵਲੋਂ ਇਕ ਹਿੰਦੂ ਲੜਕੀ ਨੂੰ ਅਗਵਾ ਕੀਤਾ ਗਿਆ ਹੈ। ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਉਸ ਨੂੰ ਇਸਲਾਮ ਕਬੂਲ ਕਰਵਾਇਆ ਗਿਆ ਹੈ। ਲੜਕੀ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਸ ਘਟਨਾ ਤੋਂ ਪਹਿਲਾਂ ਸਤੰਬਰ 'ਚ ਨਮਰਤਾ ਚੰਦਾਨੀ ਨਾਂ ਦੀ ਹਿੰਦੂ ਲੜਕੀ, ਜੋ ਕਿ ਮੈਡੀਕਲ ਦੀ ਵਿਦਿਆਰਥਣ ਸੀ, ਆਪਣੇ ਹਾਸਟਲ ਦੇ ਕਮਰੇ 'ਚ ਮ੍ਰਿਤ ਮਿਲੀ ਸੀ। ਹਾਲਾਂਕਿ ਪੁਲਸ ਤੇ ਬਾਕੀ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਨਮਰਤਾ ਦੇ ਕਤਲ ਵਾਲੀ ਥਾਂ ਦੇ ਦ੍ਰਿਸ਼ ਨੇ ਲੋਕਾਂ ਦੇ ਮਨ 'ਚ ਇਹ ਸਵਾਲ ਚੁੱਕਿਆ ਹੈ ਕਿ ਕੀ ਇਹ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਹੈ।

ਹਰ ਸਾਲ ਹੁੰਦੀਆਂ ਹਨ 1000 ਹਿੰਦੂ ਲੜਕੀਆਂ ਅਗਵਾ
ਹਾਲ ਦੇ ਦਿਨਾਂ 'ਚ ਪਾਕਿਸਤਾਨ 'ਚ ਜ਼ਬਰੀ ਧਰਮ ਪਰਿਵਰਤਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਸਥਿਤ ਸਿੰਧੀ ਫਾਊਂਡੇਸ਼ਨ ਨੇ ਕਿਹਾ ਹੈ ਕਿ ਹਰ ਸਾਲ 12 ਤੋਂ 28 ਸਾਲ ਦੀ ਉਮਰ ਦੀਆਂ  ਕਰੀਬ 1000 ਸਿੰਧੀ ਹਿੰਦੂ ਲੜਕੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਫਿਰ ਉਨ੍ਹਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ।

Baljit Singh

This news is Content Editor Baljit Singh