ਚੀਨ ''ਚ ਕੋਰੋਨਾਵਾਇਰਸ ਦੇ ਹੋਰ 39 ਨਵੇਂ ਮਾਮਲੇ ਆਏ ਸਾਹਮਣੇ

05/22/2020 11:58:38 PM

ਬੀਜ਼ਿੰਗ - ਚੀਨ ਵਿਚ ਕੋਵਿਡ-19 ਦੇ ਪਹਿਲੇ ਕੇਂਦਰ ਵੁਹਾਨ ਤੋਂ ਕੋਰੋਨਾਵਾਇਰਸ ਦੇ 39 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 35 ਰੋਗੀਆਂ ਵਿਚ ਵਾਇਰਸ ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ। ਵਾਇਰਸ ਦੇ ਦੂਜੇ ਦੌਰ ਨੂੰ ਰੋਕਣ ਲਈ ਚੀਨ ਵੁਹਾਨ ਸ਼ਹਿਰ ਦੇ 1 ਕਰੋੜ 12 ਲੱਖ ਲੋਕਾਂ ਦੀ ਫਿਲਹਾਲ ਜਾਂਚ ਕਰ ਰਿਹਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ. ਐਚ. ਸੀ.) ਨੇ ਸ਼ੁੱਕਰਵਾਰ ਨੂੰ ਕਿ ਵੀਰਵਾਰ ਨੂੰ ਸਾਹਮਣੇ ਆਏ ਵਾਇਰਸ ਦੇ 39 ਮਾਮਲਿਆਂ ਵਿਚੋਂ 35 ਵਿਚ ਲੱਛਣ ਨਹੀਂ ਦਿੱਖ ਰਹੇ ਹਨ। ਹੋਰ 4 ਰੋਗੀਆਂ ਵਿਚੋਂ 2 ਜਿਲੀਨ ਸੂਬੇ ਤੋਂ ਸਥਾਨਕ ਪੱਧਰ 'ਤੇ ਪ੍ਰਸਾਰਿਤ ਮਾਮਲੇ ਹਨ ਜਿਥੇ ਕੁਝ ਨਵੇਂ ਮਾਮਲੇ ਹਾਲ ਹੀ ਵਿਚ ਸਾਹਮਣੇ ਆਏ ਹਨ।

ਨਵੇਂ ਮਾਮਲੇ ਉਦੋਂ ਆਏ ਹਨ ਜਦ ਚੀਨ ਦੀ ਸੰਸਦ ਨੈਸ਼ਨਲ ਪੀਪਲਸ ਕਾਂਗਰਸ ਦਾ ਹਫਤੇ ਭਰ ਚੱਲਣ ਵਾਲਾ ਸਾਲਾਨਾ ਸੈਸ਼ਨ ਵੀ ਵੀਰਵਾਰ ਨੂੰ ਸ਼ੁਰੂ ਹੋਇਆ ਹੈ। ਕਮਿਸ਼ਨ ਨੇ ਕਿਹਾ ਕਿ ਬਿਨਾਂ ਲੱਛਣ ਵਾਲੇ 284 ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਚੀਨ ਵਿਚ ਮ੍ਰਿਤਕਾਂ ਦਾ ਅੰਕੜਾ 4,634 ਬਣਿਆ ਹੋਇਆ ਹੈ ਜਦਕਿ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 82,971 ਹੋ ਗਈ ਹੈ ਜਿਨ੍ਹਾਂ ਵਿਚੋਂ 82 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Khushdeep Jassi

This news is Content Editor Khushdeep Jassi