ਮਿਆਂਮਾਰ ਹਿੰਸਾ ਦਾ ਇਕ ਸਾਲ ਪੂਰਾ ਹੋਣ 'ਤੇ ਰੋਹਿੰਗਿਆ ਭਾਈਚਾਰੇ ਨੇ 'ਕਾਲਾ ਦਿਵਸ' ਕਰਾਰ ਦਿੱਤਾ

08/25/2018 5:58:51 PM

ਕਾਕਸ ਬਾਜ਼ਾਰ (ਬੰਗਲਾਦੇਸ਼)— ਮਿਆਂਮਾਰ ਵਿਚ ਰੋਹਿੰਗਿਆ ਭਾਈਚਾਰੇ ਦੇ ਲੋਕਾਂ 'ਤੇ ਫੌਜ ਦੇ ਭਿਆਨਕ ਹਮਲੇ ਦੇ ਅੱਜ ਭਾਵ ਸ਼ਨੀਵਾਰ ਨੂੰ ਇਕ ਸਾਲ ਪੂਰਾ ਹੋਣ 'ਤੇ ਭਾਈਚਾਰੇ ਨੇ ਇਸ ਨੂੰ 'ਕਾਲਾ ਦਿਵਸ' ਕਰਾਰ ਦਿੱਤਾ ਹੈ। ਮਿਆਂਮਾਰ ਦੇ ਰਖਾਇਣ ਸੂਬੇ ਵਿਚ ਪਿਛਲੇ ਸਾਲ 25 ਅਗਸਤ ਨੂੰ ਫੌਜ ਨੇ ਰੋਹਿੰਗਿਆ ਮੁਸਲਮਾਨਾਂ 'ਤੇ ਹਮਲਾ ਕੀਤਾ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਜਾਤੀ ਸਫਾਇਆ ਕਰਾਰ ਦਿੱਤਾ ਸੀ। ਫੌਜ ਦੀ ਇਸ ਕਾਰਵਾਈ ਤੋਂ ਬਾਅਦ ਤਕਰੀਬਨ 7 ਲੱਖ ਲੋਕਾਂ ਨੇ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿਚ ਪਨਾਹ ਲਈ ਸੀ।

ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿਚ ਰੋਹਿੰਗਿਆ ਵਰਕਰਾਂ ਨੇ ਅੱਜ ਦੇ ਦਿਨ ਨੂੰ 'ਕਾਲਾ ਦਿਵਸ' ਐਲਾਨ ਕੀਤਾ। ਨਾਲ ਹੀ ਇੱਥੇ ਦੁਆਵਾਂ, ਭਾਸ਼ਣਾਂ ਅਤੇ ਗੀਤਾਂ ਦਾ ਦੌਰ ਵੀ ਚੱਲਿਆ। ਹਾਲ ਹੀ 'ਚ ਬੰਗਲਾਦੇਸ਼ ਦੇ ਗਰੀਬ ਕਾਕਸ ਬਾਜ਼ਾਰ ਜ਼ਿਲੇ 'ਤੇ ਭਾਰੀ ਦਬਾਅ ਪਿਆ ਹੈ, ਜੋ ਬਹੁਤ ਛੇਤੀ ਦੁਨੀਆ ਦੀ ਸਭ ਤੋਂ ਵੱਡੀ ਸ਼ਰਨਾਰਥੀ ਬਸਤੀ ਬਣ ਗਿਆ ਹੈ। ਰੋਹਿੰਗਿਆ ਦੀਆਂ ਕਈ ਪੀੜ੍ਹੀਆਂ ਨੇ ਬੰਗਲਾਦੇਸ਼ ਦੇ ਇਨ੍ਹਾਂ ਕੈਂਪਾਂ ਵਿਚ ਸੂਬੇ ਰਖਾਇਣ ਤੋਂ ਨਿਕਲ ਜਾਣ ਤੋਂ ਬਾਅਦ ਪਨਾਹ ਲਈ ਹੈ ਅਤੇ ਇਹ ਅੰਕੜਾ ਹੁਣ 10 ਲੱਖ ਦੇ ਨੇੜੇ ਪਹੁੰਚ ਗਿਆ ਹੈ।