ਥੈਰੇਸਾ ਮੇਅ ਨੂੰ ਝਟਕਾ, ਬ੍ਰੈਗਜ਼ਿਟ ਕਾਰਨ ਇਕ ਹੋਰ ਮੰਤਰੀ ਨੇ ਦਿੱਤਾ ਅਸਤੀਫਾ

05/23/2019 8:12:05 AM

ਲੰਡਨ— ਬ੍ਰੈਗਜ਼ਿਟ ਮੁੱਦੇ ਨੂੰ ਲੈ ਕੇ ਬ੍ਰਿਟੇਨ ਦੀ ਸਿਆਸਤ 'ਚ ਤੂਫਾਨ ਮਚਿਆ ਹੋਇਆ ਹੈ ਅਤੇ ਇਸੇ ਦੌਰਾਨ ਖਬਰ ਮਿਲੀ ਹੈ ਕਿ ਹਾਊਸ ਆਫ ਕਾਮਨਜ਼ ਦੀ ਲੀਡਰ ਐਂਡਰੀਆ ਲੀਡਸਮ ਨੇ ਅਸਤੀਫਾ ਦੇ ਦਿੱਤਾ ਹੈ, ਜੋ ਥੈਰੇਸਾ ਮੇਅ ਲਈ ਝਟਕਾ ਹੈ। ਉਨ੍ਹਾਂ ਦਾ ਅਸਤੀਫਾ ਉਸ ਸਮੇਂ ਆਇਆ ਜਦ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਬ੍ਰੈਗਜ਼ਿਟ ਸਬੰਧੀ ਸਮਰਥਨ ਪ੍ਰਾਪਤ ਕਰਨ ਲਈ ਇਸ 'ਚ ਕੁਝ ਬਦਲਾਅ ਕੀਤੇ ਹਨ। ਬਹੁਤ ਸਾਰੇ ਕੈਬਨਿਟ ਮੰਤਰੀਆਂ ਦਾ ਕਹਿਣਾ ਹੈ ਕਿ ਹੁਣ ਪੀ. ਐੱਮ. ਦਾ ਆਪਣੇ ਅਹੁਦੇ 'ਤੇ ਬਣੇ ਰਹਿਣਾ ਬਹੁਤ ਮੁਸ਼ਕਲ ਹੈ। 
ਲੀਡਸਮ ਦੇ ਅਸਤੀਫੇ ਮਗਰੋਂ ਪੀ. ਐੱਮ. ਥੈਰੇਸਾ ਮੇਅ ਨੇ ਲਿਖਿਆ ਕਿ ਇਕ ਈਮਾਨਦਾਰ ਤੇ ਜਨੂੰਨ ਵਾਲੇ ਮੈਂਬਰ ਦੇ ਛੱਡ ਜਾਣ ਦਾ ਉਨ੍ਹਾਂ ਨੂੰ ਅਫਸੋਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੀਡਸਮ ਦੇ ਬ੍ਰੈਗਜ਼ਿਟ ਪ੍ਰਤੀ ਦ੍ਰਿਸ਼ਟੀਕੋਣ ਤੋਂ ਅਸਹਿਮਤ ਹਨ। 

ਜ਼ਿਕਰਯੋਗ ਹੈ ਕਿ ਥੈਰੇਸਾ ਮੇਅ ਦੇ ਸੱਤਾ 'ਚ ਆਉਣ ਮਗਰੋਂ ਬਹੁਤ ਸਾਰੇ ਮੰਤਰੀ ਅਸਤੀਫੇ ਦੇ ਚੁੱਕੇ ਹਨ। ਲੀਡਸਮ 36ਵੀਂ ਅਜਿਹੀ ਮੰਤਰੀ ਹੈ ਜਿਸ ਨੇ ਥੈਰੇਸਾ ਦੇ ਸੱਤਾ 'ਚ ਆਉਣ ਮਗਰੋਂ ਅਸਤੀਫਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬ੍ਰੈਗਜ਼ਿਟ ਸਮਝੌਤੇ 'ਤੇ ਸਮਰਥਨ ਪ੍ਰਾਪਤ ਕਰਨ ਲਈ ਥੈਰੇਸਾ ਮੇਅ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਹ ਸਭ ਅਸਫਲ ਜਾ ਰਹੀਆਂ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਜੇਕਰ ਈ. ਯੂ. 'ਚੋਂ ਬ੍ਰਿਟੇਨ ਵੱਖਰਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਵੱਡਾ ਨੁਕਸਾਨ ਝੱਲਣਾ ਪਵੇਗਾ।
 

ਕੌਣ ਹੈ ਲੀਡਸਮ?
ਜ਼ਿਕਰਯੋਗ ਹੈ ਕਿ 2016 'ਚ ਯੂਰਪੀ ਸੰਘ ਦੀ ਰਾਇਸ਼ੁਮਾਰੀ ਮਗਰੋਂ ਡੇਵਿਡ ਕੈਮਰੂਨ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਤਦ ਐੱਮ. ਪੀ. ਲੀਡਸਮ ਥੈਰੇਸਾ ਮੇਅ ਖਿਲਾਫ ਕੰਜ਼ਰਵੇਟਿਵ ਪਾਰਟੀ ਦੀ ਕਮਾਨ ਸੰਭਾਲਣ ਲਈ ਖੜ੍ਹੀ ਹੋਈ ਸੀ। ਬਾਅਦ 'ਚ ਉਸ ਨੇ ਦੌੜ 'ਚੋਂ ਹਟਣ ਦਾ ਫੈਸਲਾ ਲੈ ਲਿਆ ਸੀ। ਲੀਡਸਮ 2016 ਤੋਂ 2017 ਤਕ ਵਾਤਾਵਰਣ ਸੈਕੇਟਰੀ ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ। 2017 ਤੋਂ 2019 ਤਕ ਉਹ ਹਾਊਸ ਆਫ ਕਾਮਨਜ਼ ਦੀ ਲੀਡਰ ਰਹੀ ਹੈ