ਆਸਟਰੇਲੀਆ 'ਚ ਭਾਰਤੀ ਵਿਦਿਆਰਥੀ ਨੇ ਕੀਤਾ ਸ਼ਰਮਨਾਕ ਕੰਮ, ਲੱਗੇ ਦੋਸ਼

03/06/2018 3:29:44 PM

ਸਿਡਨੀ— ਬਹੁਤ ਸਾਰੇ ਭਾਰਤੀ ਚੰਗੇ ਭਵਿੱਖ ਲਈ ਵਿਦੇਸ਼ਾਂ 'ਚ ਜਾਂਦੇ ਹਨ ਪਰ ਉਨ੍ਹਾਂ 'ਚੋਂ ਕਈ ਆਪਣੀਆਂ ਗਲਤ ਹਰਕਤਾਂ ਕਾਰਨ ਵਿਦੇਸ਼ 'ਚ ਭਾਰਤ ਦਾ ਨਾਂ ਬਦਨਾਮ ਕਰ ਰਹੇ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਆਸਟਰੇਲੀਆ ਵਿੱਚ ਸਾਹਮਣੇ ਆਈ ਹੈ। ਇੱਥੇ ਵਿਦਿਆਰਥੀ ਵੀਜ਼ੇ 'ਤੇ ਆਏ ਇੱਕ ਭਾਰਤੀ ਨੌਜਵਾਨ ਉੱਤੇ ਜਬਰ-ਜਨਾਹ ਦੇ ਦੋਸ਼ ਲੱਗੇ ਹਨ। ਪੀੜਤਾ ਦੇ ਬਿਆਨਾਂ ਤੋਂ ਬਾਅਦ ਪੁਲਸ ਨੇ ਭਾਰਤੀ ਵਿਦਿਆਰਥੀ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਦਾ ਪਾਸਪੋਰਟ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। 
ਫਿਲਹਾਲ 26 ਸਾਲਾ ਨੌਜਵਾਨ ਦਾ ਨਾਂ ਕਾਨੂੰਨੀ ਤੌਰ 'ਤੇ ਦੱਸਿਆ ਨਹੀਂ ਗਿਆ। ਇਹ ਨੌਜਵਾਨ ਢਾਈ ਸਾਲ ਪਹਿਲਾਂ ਆਸਟਰੇਲੀਆ ਆਇਆ ਸੀ। ਇਹ ਦੋਵੇਂ ਹਸਪਤਾਲ ਵਿੱਚ ਕੰਮ ਕਰਦੇ ਸਨ। 20 ਸਾਲਾ ਪੀੜਤਾ ਨੇ ਅਦਾਲਤ 'ਚ ਦੱਸਿਆ ਕਿ ਉਸ ਦੇ ਸਹਿਕਰਮੀ ਭਾਰਤੀ ਨੌਜਵਾਨ ਨੇ ਉਸ ਨੂੰ ਕੰਮ ਤੋਂ ਘਰ ਜਾਣ ਸਮੇਂ ਕਾਰ 'ਚ ਲਿਫਟ ਦੇਣ ਦੌਰਾਨ ਜ਼ਬਰ-ਜਨਾਹ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ਦੋਹਾਂ ਨੇ ਡਰਿੰਕ ਵੀ ਕੀਤੀ ਸੀ।
ਜਦ ਨੌਜਵਾਨ ਨੇ ਕੁੜੀ ਨਾਲ ਕਾਰ ਵਿੱਚ ਜਿਸਮਾਨੀ ਛੇੜਛਾੜ ਕੀਤੀ ਤਾਂ ਕੁੜੀ ਨੇ ਉਸ ਦਾ ਵਿਰੋਧ ਕੀਤਾ। ਕੁੜੀ ਨੇ ਉਸ ਦੇ ਥੱਪੜ ਵੀ ਮਾਰਿਆ ਅਤੇ ਇਸ ਮਗਰੋਂ ਉਹ ਜ਼ਬਰਦਸਤੀ 'ਤੇ ਉੱਤਰ ਆਇਆ। ਪੁਲਸ ਕੋਲ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੀੜਤਾ ਦੀ ਮੈਡੀਕਲ ਜਾਂਚ ਕੀਤੀ ਗਈ। ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਕਾਰ ਸੀਲ ਕਰ ਦਿੱਤੀ ਗਈ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 20 ਮਾਰਚ ਨੂੰ ਹੋਵੇਗੀ। ਫਿਲਹਾਲ ਅਦਾਲਤ ਦਾ ਹੁਕਮ ਹੈ ਕਿ ਮਾਮਲੇ ਦੀ ਜਾਂਚ ਹੋਣ ਤਕ ਭਾਰਤੀ ਨੌਜਵਾਨ ਪੁਲਸ ਨੂੰ ਰਿਪੋਰਟ ਕਰਦਾ ਰਹੇ ਅਤੇ ਉਹ ਹਵਾਈ ਅੱਡੇ ਤੋਂ 500 ਮੀਟਰ ਤਕ ਦੂਰ ਹੀ ਰਹੇ।