ਮੈਕਸੀਕੋ ਵਿਚ ਭੂਚਾਲ ਕਾਰਨ ਮਿਲਿਆ ਇਕ ਪ੍ਰਾਚੀਨ ਮੰਦਰ

07/12/2018 4:33:29 PM

ਕੁਰਨਾਵਕਾ (ਏ.ਐਫ.ਪੀ.)- ਪਿਛਲੇ ਸਾਲ ਸਤੰਬਰ 'ਚ ਮੱਧ ਮੈਕਸੀਕੋ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਐਜਟੇਕ ਪਿਰਾਮਿਡ ਅੰਦਰ ਇਕ ਮੰਦਰ ਦੇ ਅੰਸ਼ ਸਾਹਮਣੇ ਆਏ ਹਨ। ਮੋਰੇਲੋਸ ਸੂਬੇ ਦੇ ਕੁਰਨਾਵਕਾ ਵਿਚ ਤੀਪਨਜੋਲਕੋ ਪਿਰਾਮਿਡ ਅੰਦਰ ਤਲਾਲੋਕ ਨਾਮਕ ਦੇਵਤਾ ਨੂੰ ਸਮਰਪਿਤ ਇਹ ਮੰਦਰ ਖੇਤਰ ਦੇ ਤਲਹਾਹੁਈਆ ਸੰਸਕ੍ਰਿਤ ਨਾਲ ਜੁੜਿਆ ਹੈ। ਤਲਾਲੋਕ ਨੂੰ ਵਰਖਾ ਦਾ ਦੇਵਤਾ ਮੰਨਿਆ ਜਾਂਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਐਂਥ੍ਰੋਪੋਲੌਂਜੀ ਐਂਡ ਹਿਸਟਰੀ (ਆਈ.ਐਨ.ਏ.ਐਸ.) ਦੀ ਪੁਰਾਤੱਤਵ ਵਿਗਿਆਨੀ ਬਾਰਬਰਾ ਕੋਨਿਕਜਾ ਨੇ ਕਿਹਾ ਕਿ ਭੂਚਾਲ ਕਾਰਨ ਪਿਰਾਮਿਡ ਦੀ ਬਣਤਰ ਵਿਚ ਵੱਡਾ ਫੇਰਬਦਲ ਹੋਇਆ। ਸਭ ਤੋਂ ਜ਼ਿਆਦਾ ਨੁਕਸਾਨ ਪਿਰਾਮਿਡ ਦੇ ਉਪਰੀ ਹਿੱਸੇ ਨੂੰ ਪਹੁੰਚਿਆ ਹੈ। ਇਸ ਹਿੱਸੇ 'ਚ ਦੋ ਮੰਦਰਾਂ ਬਾਰੇ ਪਤਾ ਲੱਗਾ ਹੈ। ਇਸ ਤੋਂ ਇਕ ਮੰਦਰ ਸੂਰਜ ਨੂੰ ਅਤੇ ਦੂਜਾ ਮੰਦਰ ਜੰਗ ਦੇ ਦੇਵਤਾ ਨੂੰ ਸਮਰਪਿਤ ਹੈ। ਆਈ.ਐਨ.ਏ.ਐਸ. ਨੇ ਪਿਰਾਮਿਡ ਦੀ ਬਣਤਰ ਬਾਰੇ ਪਤਾ ਲਗਾਉਣ ਲਈ ਰਡਾਰ ਰਾਹੀਂ ਅਧਿਐਨ ਕੀਤਾ ਤਾਂ ਤਲਾਲੋਕ ਮੰਦਰ ਦਾ ਪਤਾ ਲੱਗਾ। ਮੰਨਿਆ ਜਾਂਦਾ ਹੈ ਕਿ ਇਸ ਦੀ ਬਣਤਰ ਸਾਲ 1150 ਦੇ ਨੇੜੇ-ਤੇੜੇ ਦੀ ਤਾਰੀਖ ਦਾ ਹੈ।