ਪੰਜਾਬੀ ਗੱਭਰੂ ਅੰਮ੍ਰਿਤਪਾਲ ਸਿੰਘ ਦਾ ਸੁਪਨਾ ਹੋਇਆ ਪੂਰਾ, ਸਿਡਨੀ ''ਚ ਪਾ ਰਿਹੈ ਧਮਾਲਾਂ

09/28/2017 2:05:13 PM

ਸਿਡਨੀ,(ਬਿਊਰੋ)— ਵਿਦੇਸ਼ਾਂ 'ਚ ਗਏ ਨੌਜਵਾਨ ਜਦੋਂ ਕੋਈ ਵੱਡਾ ਕੰਮ ਕਰਦੇ ਹਾਂ ਤਾਂ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਅਸੀਂ ਅੱਜ ਜਿਸ ਨੌਜਵਾਨ ਦੀ ਗੱਲ ਕਰ ਰਹੇ ਹਾਂ, ਉਹ ਹੈ ਅੰਮ੍ਰਿਤਪਾਲ ਸਿੰਘ ਜੋ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਫੱਤੂਵਾਲ ਦਾ ਰਹਿਣ ਵਾਲਾ ਹੈ। ਬੀਤੇ ਦਿਨੀਂ ਬਾਕਸਟਬਾਲ ਲੀਗ ਲਈ ਸਿਡਨੀ ਕਿੰਗਜ਼ ਟੀਮ 'ਚ ਉਸ ਨੂੰ ਸ਼ਾਮਲ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਸਿਡਨੀ ਕਿੰਗਜ਼ ਲਈ ਖੇਡ ਰਿਹਾ ਹੈ। ਸਿਡਨੀ ਦੇ ਓਲਪਿੰਕ ਪਾਰਕ 'ਚ ਕੱਲ ਰਾਤ ਯਾਨੀ ਕਿ ਬੁੱਧਵਾਰ ਨੂੰ ਬਾਸਕਟਬਾਲ ਮੈਚ ਹੋਇਆ, ਜਿਸ 'ਚ ਅੰਮ੍ਰਿਤਪਾਲ ਸਿੰਘ ਪਰਥ ਵਾਈਲਡਕੈਟਸ ਵਿਰੁੱਧ ਖੇਡਿਆ ਅਤੇ ਉਸ ਨੇ ਆਪਣਾ ਦਮ-ਖਮ ਦਿਖਾਇਆ। ਇੱਥੇ ਰਹਿੰਦੇ ਪੰਜਾਬੀ ਭਾਈਚਾਰੇ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਉਸ ਦਾ ਉਤਸ਼ਾਹ ਵਧਾ ਰਹੇ ਹਨ। 
ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਜਨਮ ਤਾਂ ਜਲੰਧਰ 'ਚ ਹੋਇਆ ਹੈ ਪਰ ਉਸ ਦਾ ਜ਼ਿਆਦਾ ਸਮਾਂ ਅੰਮ੍ਰਿਤਰਸਰ ਦੇ ਪਿੰਡ ਫੱਤੂਵਾਲ 'ਚ ਕਬੱਡੀ ਖੇਡਦਿਆਂ ਬਤੀਤ ਹੋਇਆ ਹੈ। ਉਸ ਦਾ ਕੱਦ 6 ਫੁੱਟ 11 ਇੰਚ ਹੈ। ਹੌਲੀ-ਹੌਲੀ ਉਸ ਦੀ ਦਿਲਚਸਪੀ ਬਾਸਕਟਬਾਲ ਖੇਡ ਵੱਲ ਵਧੀ ਅਤੇ ਉਸ ਦਾ ਸੁਪਨਾ ਸੀ ਕਿ ਉਹ ਨੈਸ਼ਨਲ ਪੱਧਰ 'ਤੇ ਖੇਡੇ। ਅੰਮ੍ਰਿਤਪਾਲ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ। ਆਸਟ੍ਰੇਲੀਆ ਦੀ ਸਿਡਨੀ ਕਿੰਗਜ਼ ਵਲੋਂ ਉਸ ਨੂੰ ਉਚੇਚੇ ਤੌਰ 'ਤੇ ਸੱਦਿਆ ਗਿਆ।