ਅਮਰੀਕੀ ਸਿੱਖਾਂ ਦੀ ਮੰਗ- ''ਮੁਆਫੀ ਮੰਗੇ ਡੈਮੋਕ੍ਰੇਟਿਕ ਕਮਲਾ ਹੈਰਿਸ''

06/30/2019 11:57:17 AM

ਵਾਸ਼ਿੰਗਟਨ— ਸਿੱਖਾਂ ਦੇ ਇਕ ਸਮੂਹ ਨੇ 2011 'ਚ ਧਾਰਮਿਕ ਭੇਦਭਾਵ ਵਾਲੀਆਂ ਨੀਤੀਆਂ ਦਾ ਬਚਾਅ ਕਰਨ ਲਈ ਡੈਮੋਕ੍ਰੇਟਿਕ ਕਮਲਾ ਹੈਰਿਸ ਨੂੰ ਇਕ ਆਨਲਾਈਨ ਅਰਜ਼ੀ ਰਾਹੀਂ ਮੁਆਫੀ ਮੰਗਣ ਲਈ ਕਿਹਾ ਹੈ। ਭਾਰਤੀ ਮੂਲ ਦੀ ਅਮਰੀਕੀ ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦਾਅਵੇਦਾਰ ਹੈ। ਜ਼ਿਕਰਯੋਗ ਹੈ ਕਿ 2011 ਦੇ ਨਿਯਮ ਮੁਤਾਬਕ, ਜੇਲ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਾਰਮਿਕ ਕਾਰਨਾਂ ਕਰਕੇ ਵੀ ਦਾੜ੍ਹੀ ਰੱਖਣ ਦੀ ਛੋਟ ਨਹੀਂ ਮਿਲ ਰਹੀ ਸੀ, ਹਾਲਾਂਕਿ ਉਨ੍ਹਾਂ ਨੂੰ ਸਿਹਤ ਕਾਰਨਾਂ ਕਰਕੇ ਹੀ ਛੋਟ ਮਿਲ ਰਹੀ ਸੀ।

ਇਕ ਬਿਆਨ ਮੁਤਾਬਕ ਇਨ੍ਹਾਂ ਸਿੱਖ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਰਹਿੰਦੇ ਹੋਏ ਹੈਰਿਸ ਨੇ ਦਾੜ੍ਹੀ ਨਾ ਰੱਖਣ ਦੀ ਇਸ ਨੀਤੀ ਦਾ ਬਚਾਅ ਕੀਤਾ ਸੀ ਅਤੇ ਸਿੱਖਾਂ ਦੇ ਹੱਕ ਲਈ ਆਵਾਜ਼ ਨਹੀਂ ਚੁੱਕੀ। ਉਨ੍ਹਾਂ ਕਿਹਾ ਕਿ ਨੀਤੀਗਤ ਬਦਲਾਅ ਕੀਤੇ ਬਿਨਾਂ ਸਾਲ 2011 'ਚ ਜਿਨ੍ਹਾਂ ਮੁਕੱਦਮਿਆਂ ਦਾ ਨਿਪਟਾਰਾ ਹੋਇਆ, ਉਨ੍ਹਾਂ ਨੂੰ ਲੈ ਕੇ ਅਮਰੀਕੀ ਕਾਨੂੰਨ ਵਿਭਾਗ ਨੂੰ ਸਿਵਲ ਅਧਿਕਾਰ ਮਾਮਲਿਆਂ ਦੀ ਜਾਂਚ ਸ਼ੁਰੂ ਕਰਨੀ ਪਈ। ਕੈਲੀਫੋਰਨੀਆ ਦੇ ਸਿੱਖਾਂ ਦੀ ਲਾਬਿੰਗ ਕਾਰਨ ਉਨ੍ਹਾਂ ਨੂੰ ਅਗਲੇ ਸਾਲ ਕੰਮ ਵਾਲੇ ਸਥਾਨ 'ਤੇ ਜ਼ਿਆਦਾ ਧਾਰਮਿਕ ਛੋਟ ਦੇਣ ਵਾਲੀ ਨੀਤੀ ਬਣੀ। 

ਇਸ ਅਪੀਲ ਨਾਲ ਜੁੜੇ ਇਕ ਵਕੀਲ ਰਾਜਦੀਪ ਸਿੰਘ ਜਾਲੀ ਨੇ ਕਿਹਾ,''ਕਮਲਾ ਹੈਰਿਸ ਆਪਣੇ ਵਿਰੋਧੀਆਂ ਨੂੰ ਸਿਵਲ ਅਧਿਕਾਰਾਂ 'ਤੇ ਭਾਸ਼ਣ ਦੇ ਰਹੀ ਹੈ ਪਰ ਉਨ੍ਹਾਂ ਨੂੰ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਦੇ ਰੂਪ 'ਚ ਅਮਰੀਕੀ ਸਿੱਖਾਂ ਦੇ ਅਧਿਕਾਰਾਂ ਨਾਲ ਖੇਡਣ ਲਈ ਮੁਆਫੀ ਮੰਗਣੀ ਚਾਹਦੀ ਹੈ।'' ਉਨ੍ਹਾਂ ਨੇ ਕਿਹਾ ਕਿ ਹੈਰਿਸ ਨੇ ਉਸ ਸਮੇਂ ਵੀ ਅਮਰੀਕੀ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਦਿੱਤੀ ਜਦ ਰਾਸ਼ਟਰਪਤੀ ਬਰਾਕ ਓਬਾਮਾ ਇਸ ਦਿਸ਼ਾ 'ਚ ਇਤਿਹਾਸਕ ਕਦਮ ਚੁੱਕਣ 'ਤੇ ਵਿਚਾਰ ਕਰ ਰਹੇ ਸਨ।


Related News