ਅਮਰੀਕੀ ਰਿਪੋਰਟ ''ਚ ਖੁਲਾਸਾ, ਅੱਤਵਾਦੀਆਂ ਖਿਲਾਫ ਕਾਰਵਾਈ ''ਚ ਅਸਫਲ ਰਿਹਾ ਪਾਕਿਸਤਾਨ

09/22/2018 8:54:47 PM

ਵਾਸ਼ਿੰਗਟਨ— ਅੱਤਵਾਦ ਨੂੰ ਲੈ ਕੇ ਇਕ ਵਾਰ ਫਿਰ ਅਮਰੀਕਾ ਨੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਆਪਣੀ ਸਾਲਾਨਾ ਰਿਪੋਰਟ 'ਕੰਟਰੀ ਰਿਪੋਰਟ ਆਨ ਟੈਰਰਿਜ਼ਮ 2017' 'ਚ ਅਮਰੀਕਾ ਦਾ ਕਹਿਣਾ ਹੈ ਕਿ ਪਾਕਿਸਤਾਨ ਅਜੇ ਵੀ ਅੱਤਵਾਦੀ ਸੰਗਠਨਾਂ ਲਈ ਸੁਰੱਖਿਅਤ ਟਿਕਾਣਾ ਬਣਿਆ ਹੋਇਆ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਆਪਣੀ ਜ਼ਮੀਨ 'ਤੇ ਸਰਗਰਮ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸੰਗਠਨਾਂ 'ਤੇ ਸਖਤ ਕਾਰਵਾਈ ਨਹੀਂ ਕੀਤੀ। ਇਹ ਸੰਗਠਨ ਭਾਰਤ 'ਤੇ ਹਮਲੇ ਕਰਦੇ ਰਹਿੰਦੇ ਹਨ।

ਆਪਣੀ ਰਿਪੋਰਟ 'ਚ ਅਮਰੀਕਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪਾਕਿਸਤਾਨ ਨੇ ਲਸ਼ਕਰ ਦੇ ਮੁਖੀ ਤੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਜਨਵਰੀ 2017 'ਚ ਹਿਰਾਸਤ 'ਚ ਲਿਆ ਸੀ ਪਰ ਅਦਾਲਤ ਦੇ ਹੁਕਮ ਤੋਂ ਬਾਅਦ ਨਵੰਬਰ 2017 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਪਾਕਿਸਤਾਨ ਸਰਕਾਰ ਲਸ਼ਕਰ ਤੇ ਜੈਸ਼ ਨੂੰ ਖੁੱਲ੍ਹੇਆਮ ਫੰਡ ਇਕੱਠਾ ਕਰਨ, ਭਰਤੀਆਂ ਕਰਨ ਤੇ ਟ੍ਰੈਨਿੰਗ ਕੈਂਪ ਚਲਾਉਣ ਤੋਂ ਰੋਕਣ 'ਚ ਅਸਫਲ ਰਹੀ ਹੈ। ਹਾਲਾਂਕਿ ਲਸ਼ਕਰ ਨਾਲ ਜੁੜੇ ਇਕ ਸਿਆਸੀ ਦਲ ਦਾ ਰਜਿਸਟ੍ਰੇਸ਼ਨ ਕਰਨ ਤੋਂ ਇਨਕਾਰ ਜ਼ਰੂਰ ਕੀਤਾ ਗਿਆ ਸੀ।

ਰਿਪੋਰਟ ਮੁਤਾਬਕ ਇਸਲਾਮਿਕ ਸਟੇਟ ਖੁਰਾਸਨ ਨੇ ਪਿਛਲੇ ਸਾਲ ਪਾਕਿਸਤਾਨ 'ਚ 43 ਅੱਤਵਾਦੀ ਹਮਲੇ ਕੀਤੇ। ਇਨ੍ਹਾਂ 'ਚੋਂ ਕੁਝ ਹਮਲਿਆਂ ਨੂੰ ਦੂਜੇ ਅੱਤਵਾਦੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਸੀ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਜ਼ਮੀਨ 'ਤੇ ਅੱਤਵਾਦੀ ਸੰਗਠਨ ਆਪਣੀਆਂ ਗਤੀਵਿਧੀਆਂ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਜਿਸ 'ਚ ਸਟੇਸ਼ਨਰੀ ਐਂਡ ਵੀਕ ਬੋਰਨ ਇੰਪ੍ਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਸ, ਆਤਮਘਾਤੀ ਹਮਲੇ, ਲੋਕਾਂ ਦਾ ਕਤਲ, ਵਿਅਕਤੀਆਂ, ਸਕੂਲਾਂ, ਬਾਜ਼ਾਰਾਂ, ਸਰਕਾਰੀ ਸੰਗਠਨਾਂ ਤੇ ਇਬਾਦਤਘਰਾਂ 'ਤੇ ਰਾਕੇਟ ਤੇ ਬੰਬ ਹਮਲੇ ਕਰਨੇ ਸ਼ਾਮਲ ਹਨ।

ਰਿਪੋਰਟ 'ਚ ਇਸ ਗੱਲ ਦੇ ਸੰਕੇਤ ਦਿੱਤੇ ਗਏ ਹਨ ਕਿ ਪਾਕਿਸਤਾਨ ਦੀ ਫੌਜ ਹੋਰ ਜ਼ਿਆਦਾ ਤਾਕਤਵਰ ਹੋ ਗਈ ਹੈ। ਸਰਕਾਰ ਨੇ ਨਾਗਰਿਕਾਂ 'ਤੇ ਅੱਤਵਾਦ ਦੇ ਮਾਮਲੇ ਚਲਾਉਣ ਲਈ ਫੌਜੀ ਅਦਾਲਤਾਂ ਨੂੰ ਮਿਲੇ ਅਧਿਕਾਰਾਂ ਨੂੰ 2 ਸਾਲ ਲਈ ਵਧਾ ਦਿੱਤਾ ਹੈ। ਨਿੰਦਕਾਂ ਦਾ ਤਰਕ ਹੈ ਕਿ ਫੌਜੀ ਅਦਾਲਤਾਂ ਪਾਰਦਰਸ਼ੀ ਨਹੀਂ ਹਨ ਤੇ ਇਨ੍ਹਾਂ ਦੀ ਵਰਤੋਂ ਆਮ ਨਾਗਰਿਕਾਂ ਨੂੰ ਸ਼ਾਂਤ ਕਰਨ ਲਈ ਕੀਤੀ ਜਾ ਰਹੀ ਹੈ।