IMF ਤੋਂ ਮਿਲੇ ਪੈਕੇਜ ਨਾਲ ਚੀਨ ਦਾ ਕਰਜ਼ ਚੁਕਾ ਸਕਦੇ ਪਾਕਿ : US ਸਾਂਸਦ

04/08/2019 11:00:01 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਤਿੰਨ ਪ੍ਰਭਾਵਸ਼ਾਲੀ ਸਾਂਸਦਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਤੋਂ ਪਾਕਿਸਤਾਨ ਵੱਲੋਂ ਪ੍ਰਸਤਾਵਿਤ ਬਹੁ ਅਰਬ ਡਾਲਰ ਦੇ 'ਬੇਲਆਊਟ ਪੈਕੇਜ' ਦਾ ਵਿਰੋਧ ਕਰਨ ਦੀ ਅਪੀਲ ਕੀਤੀ । ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਲਏ ਜਾਣ ਵਾਲੇ ਇਸ 'ਬੇਲਆਊਟ ਪੈਕੇਜ' ਦੀ ਵਰਤੋਂ ਚੀਨ ਦਾ ਕਰਜ਼ ਚੁਕਾਉਣ ਲਈ ਕੀਤੀ ਜਾ ਸਕਦੀ ਹੈ। ਦੋ ਦਲੀ ਸਮੂਹ ਦੇ ਤਿੰਨ ਸਾਂਸਦ ਟੇਡ ਯਾਹੂ, ਅਮੀ ਬੇਰਾ ਅਤੇ ਜੌਰਜ ਹੋਲਡਿੰਗ ਨੇ ਵਿੱਤ ਮੰਤਰੀ ਸਟੀਨ ਮਨੁਚਿਨ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੂੰ ਲਿਖੀ ਇਕ ਚਿੱਠੀ ਵਿਚ ਇਸ ਗੱਲ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ।  

ਪਾਕਿਸਤਾਨ ਨੇ 'ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ' (ਸੀਪੈਕ) ਦੇ ਤਹਿਤ ਚੀਨ ਤੋਂ ਕਰਜ਼ ਲਿਆ ਹੈ। ਸਾਂਸਦਾਂ ਨੇ ਚਿੱਠੀ ਵਿਚ ਕਿਹਾ,''ਚੀਨੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਤੋਂ ਪ੍ਰਾਪਤ ਕਰਜ਼ ਨੂੰ ਵਾਪਸ ਕਰਨ ਲਈ ਪਾਕਿਸਤਾਨ ਸਰਕਾਰ ਦੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਬੇਲਆਊਟ ਪੈਕੇਜ ਦੀ ਮੰਗ ਨੂੰ ਲੈ ਕੇ ਅਸੀਂ ਬਹੁਤ ਚਿੰਤਤ ਹਾਂ।'' ਉਨ੍ਹਾਂ ਨੇ ਕਿਹਾ ਕਿ ਚੀਨ ਸੀਪੇਕ ਦੇ ਤਹਿਤ ਪਾਕਿਸਤਾਨ ਵਿਚ 62 ਅਰਬ ਡਾਲਰ ਨਿਵੇਸ਼ ਕਰ ਰਿਹਾ ਹੈ। ਸਾਂਸਦਾ ਨੇ ਕਿਹਾ,''ਇਸ ਦੀ ਕਰਜ਼ ਅਦਾਇਗੀ ਅਤੇ ਲਾਭ ਹਵਾਲਗੀ ਦੀਆਂ ਸ਼ਰਤਾਂ ਪ੍ਰਤੱਖ ਨਹੀਂ ਹਨ ਅਤੇ ਇਸ ਨਾਲ ਪਾਕਿਸਤਾਨ ਵਿਚ ਕਾਫੀ ਚਿੰਤਾਵਾਂ ਪੈਦਾ ਹੋਈਆਂ ਹਨ।'' 

ਚਿੱਠੀ ਵਿਚ ਕਿਹਾ ਗਿਆ,''ਚੀਨ ਦੇ ਕਰਜ਼ ਜਾਲ ਕੂਟਨੀਤੀ ਦਾ ਖਤਰਨਾਕ ਉਦਾਹਰਨ ਇਹ ਹੈ ਕਿ ਸ਼੍ਰੀਲੰਕਾ ਉਸ ਚੀਨੀ ਕਰਜ਼ 'ਤੇ ਭੁਗਤਾਨ ਕਰਨ ਵਿਚ ਅਸਮਰੱਥ ਹੋ ਗਿਆ ਸੀ ਜੋ ਉਸ ਨੇ ਹੰਬਨਟੋਟਾ ਬੰਦਰਗਾਹ ਵਿਕਾਸ ਪ੍ਰਾਜੈਕਟ ਲਈ ਲਿਆ ਸੀ। ਬਾਅਦ ਵਿਚ ਸ਼੍ਰੀਲੰਕਾ ਨੂੰ ਬੰਦਰਗਾਹ ਦੇ ਚਾਰੇ ਪਾਸੇ 1,500 ਏਕੜ ਜ਼ਮੀਨ ਨੂੰ 99 ਸਾਲ ਦੇ ਪੱਟੇ 'ਤੇ ਉਸ ਨੂੰ ਸੌਂਪਣਾ ਪਿਆ ਸੀ। ਚਿੱਠੀ ਵਿਚ ਕਿਹਾ ਗਿਆ,''ਚੀਨ ਦੀ ਕਰਜ਼ ਕੂਟਨੀਤੀ ਦਾ ਪਾਕਿਸਤਾਨ ਵਿਚ ਪ੍ਰਭਾਵ ਸਪੱਸ਼ਟ ਹੈ ਜਿਸ ਨੂੰ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ਵਿਚ  ਦੇਖਿਆ ਜਾ ਚੁੱਕਾ ਹੈ ਅਤੇ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।''

Vandana

This news is Content Editor Vandana