ਲਾੜੀਆਂ ਨੂੰ ਡਰ ਸਤਾਵੇ ਹੁਣ ਵਿਆਹ ਵਾਲਾ ਸੂਟ ਕਿੱਥੋਂ ਆਵੇ

07/16/2017 6:07:14 PM

ਲੰਡਨ— ਲਾੜੀਆਂ ਦੇ ਕੱਪੜੇ ਬਣਾਉਣ ਵਾਲੀ ਇਕ ਅਮਰੀਕੀ ਕੰਪਨੀ ਨੂੰ ਕੋਰਟ ਨੇ ਦੀਵਾਲੀਆ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਪਹਿਲਾਂ ਅਮਰੀਕੀ ਅਤੇ ਹੁਣ ਬ੍ਰਿਟੇਨ ਤੇ ਆਸਟ੍ਰੇਲੀਆ 'ਚ ਆਪਣੇ ਸਟੋਰ ਅਚਾਨਕ ਬੰਦ ਕਰ ਦਿੱਤੇ ਹਨ। ਇਸ ਖਬਰ ਕਾਰਨ ਬ੍ਰਿਟੇਨ ਅਤੇ ਅਮਰੀਕਾ 'ਚ ਛੇਤੀ ਹੀ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਦੇ ਬੀ.ਪੀ. ਵਧਣੇ ਲਾਜ਼ਮੀ ਹਨ।

ਉਨ੍ਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਉਹ ਵਿਆਹ 'ਚ ਕਿਹੜੀ ਡਰੈੱਸ ਪਹਿਨਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਦੀ ਡਰੈੱਸ ਬਣਵਾਉਣ ਦਾ ਆਰਡਰ ਦੇ ਦਿੱਤਾ ਸੀ। ਉਹ ਉਸ ਦੀ ਕੀਮਤ ਵੀ ਕੰਪਨੀ ਨੂੰ ਅਦਾ ਕਰ ਚੁੱਕੀਆਂ ਹਨ।

ਹੁਣ ਨਵੀਂ ਡਰੈੱਸ ਬਣਵਾਉਣ ਲਈ ਸਮਾਂ ਵੀ ਥੋੜ੍ਹਾ ਹੈ। ਕਈ ਕੁੜੀਆਂ ਦਾ ਤਾਂ ਕਹਿਣਾ ਹੈ ਕਿ ਜੇਕਰ ਕੰਪਨੀ ਨੇ ਉਨ੍ਹਾਂ ਦੀ ਡਰੈੱਸ ਵੇਲੇ ਸਿਰ ਨਾ ਦਿੱਤੀ ਤਾਂ ਉਹ ਅਦਾਲਤ 'ਚ ਪਹੁੰਚ ਕਰਣਗੀਆਂ। ਕਈ ਪੁਲਸ ਨੂੰ ਫੋਨ ਕਰਕੇ ਇਸ ਦੀ ਸ਼ਿਕਾਇਤ ਦਰਜ ਕਰਵਾ ਰਹੀਆਂ ਹਨ। ਉਥੇ ਹੀ ਕੁਝ ਸੋਸ਼ਲ ਮੀਡੀਆ 'ਤੇ ਕੰਪਨੀ ਨੂੰ ਡਰੈਸ ਦਿਵਾਉਣ ਦੀ ਅਪੀਲ ਕਰ ਰਹੀਆਂ ਹਨ। 


ਦਰਅਸਲ ਫਲੋਰੀਡਾ ਦੀ ਸਦਰਨ ਡਿਸਟ੍ਰਿਕਟ ਕੋਰਟ ਨੇ ਅਲਫ੍ਰੈਡ ਏਂਜਲੋ ਕੰਪਨੀ ਨੂੰ ਜ਼ਰੂਰੀ ਦਸਤਾਵੇਜ਼ ਸਮੇਂ 'ਤੇ ਮੁਹੱਈਆ ਨਾ ਕਰਵਾਉਣ 'ਤੇ ਦੀਵਾਲੀਆ ਐਲਾਨ ਦਿੱਤਾ ਸੀ। ਕੰਪਨੀ ਦੇ ਬ੍ਰਿਟੇਨ ਸਥਿਤ ਬੁਲਾਰੇ ਨੇ ਬਿਆਨ 'ਚ ਆਖਿਆ ਕਿ ਇਹ ਦੱਸਦੇ ਹੋਏ ਕਾਫੀ ਦੁੱਖ ਹੋ ਰਿਹਾ ਹੈ ਕਿ ਬਿਨਾਂ ਕੋਈ ਨੋਟਿਸ ਦਿੱਤੇ ਕੋਰਟ ਨੇ ਕੰਪਨੀ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਕੰਪਨੀ ਨੂੰ ਪਤਾ ਹੈ ਕਿ ਇਸ ਨਾਲ ਤੁਸੀਂ ਵੀ ਨਿਰਾਸ਼ ਹੋਵੋਗੇ। ਤੁਹਾਡਾ ਸਾਥ ਮਿਲਣ ਨਾਲ ਹੀ ਕੰਪਨੀ ਨੇ ਬ੍ਰਿਟੇਨ 'ਚ ਇੰਨਾ ਚੰਗਾ ਵਪਾਰ ਕੀਤਾ। ਅਮਰੀਕਾ ਸਥਿਤ ਹੈੱਡ ਦਫਤਰ ਤੋਂ ਮਿਲੀ ਇਹ ਖਬਰ ਕਾਫੀ ਹੈਰਾਨ ਕਰਨ ਵਾਲੀ ਹੈ। ਸਾਨੂੰ ਖੇਦ ਹੈ ਕਿ ਅਸੀਂ ਸਾਰੇ ਅਲਫ੍ਰੈਡ ਏਂਜੇਲਾ ਦੇ ਮੁਲਾਜ਼ਮ ਨਹੀਂ ਰਹੇ। ਇਹ ਖਬਰ ਉਸ ਵੇਲੇ ਆਈ ਹੈ, ਜਦੋਂ ਇਕ ਹਫਤਾ ਪਹਿਲਾਂ ਹੀ ਅਲਫ੍ਰੇਡ ਏਂਜੇਲੋ ਨੇ ਆਪਣੀ ਬ੍ਰਿਟਿਸ਼ ਡਿਵੀਜ਼ਨ ਨੂੰ ਬੈਸਟ ਬ੍ਰਾਈਡ ਵੀਅਰ ਬਣਾਉਣ ਲਈ ਬਾਇਰ ਐਵਾਰਡ-2017 ਨਾਲ ਸਨਮਾਨਤ ਕੀਤਾ ਸੀ। ਬ੍ਰਿਟੇਨ ਸਥਿਤ ਕੰਪਨੀ ਦੇ ਇਕ ਰਿਟੇਲਰ ਦਾ ਕਹਿਣਾ ਹੈ ਕਿ ਸਾਡੇ ਹਜ਼ਾਰਾਂ ਗਾਹਕ ਇਸ ਕਾਰਨ ਪ੍ਰਭਾਵਿਤ ਹੋਏ ਹਨ।